ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਪਰੈਲ
ਚੁਣੇ ਗਏ ਵਾਰਡ ਅਟੈਂਡੈਂਟਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਸੀਬ ਨਹੀਂ ਹੋਏ, ਜੋ ਕਿ ਚੋਣ ਜ਼ਾਬਤਾ ਲੱਗਣ ਕਾਰਨ ਰੋਕ ਲਏ ਗਏ ਸਨ। ਚੁਣੇ ਗਏ ਵਾਰਡ ਅਟੈਡੈਂਟਾਂ ਦੇ ਇੱਕ ਵਫ਼ਦ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਚੋਣ ਜ਼ਾਬਤਾ ਲੱਗਣ ਕਾਰਨ ਰੋਕੇ ਨਿਯੁਕਤੀ ਪੱਤਰ ਤੁਰੰਤ ਦਿੱਤੇ ਜਾਣ। ਇਸ ਮੌਕੇ ਵਫ਼ਦ ਦੀ ਅਗਵਾਈ ਕਰਦਿਆਂ ਦਵਿੰਦਰ ਸਿੰਘ, ਸੰਦੀਪ ਕੌਰ, ਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਨਵੰਬਰ-ਦਸੰਬਰ 2021 ਵਿਚ 800 ਵਾਰਡ ਅਟੈਂਡੈਟ ਦੀ ਭਰਤੀ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 308 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਸਨ, ਜਦੋਂਕਿ ਬਾਕੀ ਰਹਿੰਦੇ 492 ਵਾਰਡ ਅਟੈਡੈਂਟਾਂ ਦੇ ਚੋਣ ਜ਼ਾਬਤਾ ਕਾਰਨ ਨਿਯੁਕਤੀ ਪੱਤਰ ਰੋਕ ਲਏ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਨਵੀਂ ਸਰਕਾਰ ਬਣੀ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ ਅਤੇ ਵਾਰ ਵਾਰ ਉਹ ਸਰਕਾਰ ਤੋਂ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ, ਜਿਸ ਕਾਰਨ ਚੁਣੇ ਹੋਏ ਉਮੀਦਵਾਰ ਬੇਹੱਦ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।