ਜੋਗਿੰਦਰ ਸਿੰਘ ਮਾਨ
ਮਾਨਸਾ, 2 ਜਨਵਰੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਅੱਜ ਇਥੇ ਮੰਗ ਪੱਤਰ ਦੇਣ ਸਮੇਂ ਸਵਾਲ ਪੁੱਛਦਿਆਂ ਕਿਹਾ ਕਿ ਤੁਹਾਡੇ ਸਮੇਤ ਰਾਜ ਦੇ ਸਾਰੇ ਵਿਧਾਇਕਾਂ ਦੀ ਪੈਨਸ਼ਨ ਪੱਕੀ ਹੋ ਗਈ ਹੈ, ਪਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਚ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇਕੇ ਵਿਧਾਇਕ ਬਣੇ ਹੋ ਅਤੇ ਤੁਸੀਂ ਮੁਲਾਜ਼ਮਾਂ ਦੀਆਂ ਤਕਲੀਫ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਵੀ ਇਸ ਮੁੱਖ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਿਉਂ ਨਹੀਂ ਉਠਾਇਆ। ਆਗੂਆਂ ਨੇ ਕਿਹਾ ਕਿ ਵਿਧਾਇਕਾਂ ਦੀ ਪੈਨਸ਼ਨ 5 ਸਾਲ ਬਾਅਦ ਪੱਕੀ ਹੋ ਗਈ ਹੈ, ਪਰ ਮੁਲਾਜ਼ਮਾਂ ਦੀ ਪੈਨਸ਼ਨ 30-35 ਸਾਲਾਂ ਦੀ ਸੇਵਾ ਕਰਨ ਤੋਂ ਬਾਅਦ ਵੀ ਬਹਾਲ ਨਹੀਂ ਕੀਤੀ ਗਈ।
ਵਿਧਾਇਕ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀ ਵੱਲੋਂ ਇਥੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕੋ-ਕਨਵੀਨਰ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰ ਇਸ ਜਾਇਜ਼ ਮੰਗ ਨੂੰ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ। ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਦਾ ਹੋਣਾ ਅਤਿ ਜ਼ਰੂਰੀ ਹੈ, ਜੋ ਕਿ ਮੁੱਢਲੀ ਲੋੜ ਵੀ ਹੈ। ਇਸ ਮੌਕੇ ਜ਼ਿਲ੍ਹਾ ਕਚਹਿਰੀ ਦੇ ਗੇਟ ’ਤੇ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਮੰਗ ਪੂਰੀ ਹੋਣ ਤੱਕ ਨਾਲ ਡੱਟੇ ਰਹਿਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਜਤਿੰਦਰਪਾਲ ਭੀਖੀ, ਹਰਜੀਤ ਜੋਗਾ, ਬੇਅੰਤ ਸਿੰਘ, ਚਮਕੌਰ ਹੀਰੋ, ਦਰਸ਼ਨ ਜਟਾਣਾ, ਦਮਨਜੀਤ ਅਤੇ ਨਵਜੋਸ਼, ਜਗਮੋਹਨ ਧਾਲੀਵਾਲ, ਜਸਵਿੰਦਰ ਚਾਹਲ ਤੇ ਲਖਵਿੰਦਰ ਮਾਨ ਨੇ ਵੀ ਸੰਬੋਧਨ ਕੀਤਾ।