ਬੀਰਬਲ ਰਿਸ਼ੀ
ਸ਼ੇਰਪੁਰ, 14 ਜੂਨ
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਆਪਣੇ ਕਾਫ਼ਲੇ ਸਮੇਤ ਪਿੰਡ ਮੂਲੋਵਾਲ, ਰੰਗੀਆਂ, ਕੁੰਭੜਵਾਲ ਅਤੇ ਪਿੰਡ ਬਾਲੀਆਂ ਵਿੱਚ ਰੈਲੀਆਂ ਕੀਤੀਆਂ। ਇਸ ਦੌਰਾਨ ਪਿੰਡ ਬਾਲੀਆਂ ਵਿੱਚ ਕੀਤੀ ਚੋਣ ਰੈਲੀ ਦੌਰਾਨ ਪਿੰਡ ਦੇ ਕਾਂਗਰਸੀ ਸਰਪੰਚ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਉਮੀਦਵਾਰ ਸ੍ਰੀ ਘਰਾਚੋਂ ਨੇ ਸਰਪੰਚ ਤੇ ਸਾਥੀਆਂ ਨੂੰ ਪਾਰਟੀ ’ਚ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲਗਾਤਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਮਾਣ ਦੇ ਕੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਨਿਵਾਜਿਆ ਉਸੇ ਤਰ੍ਹਾਂ ਲੋਕ ਉਨ੍ਹਾਂ ਨੂੰ ਆਸ਼ੀਰਵਾਰ ਦੇ ਕੇ ਲੋਕ ਸਭਾ ਵਿੱਚ ਭੇਜਣ। ਯਕੀਨਨ ਉਹ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਗੇ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ, ਪਾਰਟੀ ਦੇ ਜਰਨਲ ਸਕੱਤਰ ਪਰਮਿੰਦਰ ਪੰਨੂ, ਗੁਰਤੇਜ ਸਿੰਘ ਤੇਜੀ ਕੱਕੜਵਾਲ ਅਤੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਆਦਿ ਹਾਜ਼ਰ ਸਨ।