ਮਨਧੀਰ ਦਿਓਲ
ਨਵੀਂ ਦਿੱਲੀ, 27 ਨਵੰਬਰ
ਸਾਰੇ ਨਾਕੇ ਤੋੜ ਕੇ ਕਿਸਾਨ ਬਹਾਦੁਰਗੜ੍ਹ ਤੋਂ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਪੁੱਜ ਗਏ। ਇਥੇ ਪੁਲੀਸ ਦੀ ਉਨ੍ਹਾਂ ਦੀ ਝੜਪ ਹੋ ਗਈ। ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਦਿੱਲੀ ਪੁਲੀਸ ਨੇ ਦਿੱਲੀ ਸਰਕਾਰ ਤੋਂ ਦਿੱਲੀ ਦੇ ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹ ਬਣਾਉਣ ਦੀ ਮੰਗ ਕੀਤੀ ਹੈ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨ ਮਿਥੇ ਸਮੇਂ ਤੋਂ ਘੰਟਾ ਪਹਿਲਾਂ ਹੀ ਹਰਿਆਣਾ ਪੁਲੀਸ ਦੀ ਵੱਡੀਆਂ ਨਾਕੇਬੰਦੀ ਤੋਂ ਤੋੜ ਦਿੱਲੀ ਨੂੰ ਤੁਰ ਪਏ। ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਕੀਤਾ। ਸਗੋਂ ਪੁਲੀਸ ਸੜਕ ਵਿਚਕਾਰ ਡਿਵਾਇਡਰ ‘ਤੇ ਖਲੋਅ ਕੇ ਅਗਾਂਹ ਵਧਦੇ ਕਿਸਾਨਾਂ ਨੂੰ ਖੁਸ਼ੀ ਭਰੇ ਰੌਂਅ ਤੱਕਦੇ ਰਹੇ। ਕਿਸਾਨ ਜੇਤੂ ਨਾਅਰੇ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅਗਾਂਹ ਵੱਧ ਰਹੇ ਸਨ। ਯੂਨੀਅਨ ਦੇ ਸੀਨੀਅਰ ਮੀਤ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਹੁਣ ਇਹ ਦਿੱਲੀ ਪੁੱਜ ਕੇ ਰੁਕੇਗਾ।