ਪਾਲ ਸਿੰਘ ਨੌਲੀ
ਜਲੰਧਰ, 28 ਅਕਤੂਬਰ
ਜ਼ਿਲ੍ਹਾ ਵਾਸੀਆਂ ਨੂੰ ਇੱਕੋ ਛੱਤ ਹੇਠ ਪੰਜਾਬ ਸਰਕਾਰ ਦੀਆਂ 19 ਲੋਕ ਭਲਾਈ ਸਕੀਮਾਂ ਦਾ ਲਾਭ ਉਠਾਉਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਪੱਧਰ ’ਤੇ ਸੁਵਿਧਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ’ਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਫਾਰਮ ਭਰੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੁਵਿਧਾ ਕੈਂਪ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਕੈਂਪ ਜ਼ਮੀਨੀ ਪੱਧਰ ਤੱਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪਹੁੰਚਾਉਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿੱਚ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਭਲ੍ਹਕੇ 29 ਅਕਤੂਬਰ ਨੂੰ ਵੀ ਇਹ ਕੈਂਪ ਲਗਾਏ ਜਾਣਗੇ। ਸ੍ਰੀ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਲਗਾਏ ਗਏ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਬੁਢਾਪਾ ਪੈਨਸ਼ਨ ਦੇ 80, ਵਿਧਵਾ ਪੈਨਸ਼ਨ ਦੇ 14, ਬੇਸਹਾਰਾ/ਅਨਾਥ ਪੈਨਸ਼ਨ ਦੇ ਚਾਰ ਅਤੇ ਵਿਸ਼ੇਸ਼ ਲੋੜਾਂ (ਦਿਵਿਆਂਗ) ਸ਼੍ਰੇਣੀ ਦਾ ਇੱਕ ਪੈਨਸ਼ਨ ਪੱਤਰ ਮੌਕੇ ’ਤੇ ਹੀ ਯੋਗ ਲਾਭਪਾਤਰੀਆਂ ਨੂੰ ਸੌਂਪੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੁਵਿਧਾ ਕੈਂਪ ਦੌਰਾਨ ਸਮਾਜਿਕ ਸੁਰੱਖਿਆ ਸਕੀਮਾਂ ਲਈ 154 ਫਾਰਮ ਭਰੇ ਗਏ ਹਨ, ਜਿਨ੍ਹਾਂ ਵਿਚੋਂ 151 ਯੋਗ ਪਾਏ ਗਏ ਅਤੇ 98 ਲਾਭਪਾਤਰੀਆਂ ਨੂੰ ਮੌਕੇ ’ਤੇ ਹੀ ਪ੍ਰਵਾਨਗੀ ਪੱਤਰ ਸੌਂਪੇ ਗਏ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ 1.87 ਲੱਖ ਲਾਭਪਾਤਰੀਆਂ, ਜਿਨ੍ਹਾਂ ਵਿੱਚ 1,23,024 ਬੁਢਾਪਾ ਪੈਨਸ਼ਨਰ, 42,652 ਵਿਧਵਾ ਪੈਨਸ਼ਨਰ, 10743 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਅਤੇ 10834 ਬੇਸਹਾਰਾ/ਦੂਜਿਆਂ ’ਤੇ ਨਿਰਭਰ ਬੱਚੇ ਸ਼ਾਮਲ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ, ਉਪ ਮੰਡਲ ਮੈਜਿਸਟਰੇਟ ਬਲਬੀਰ ਰਾਜ ਸਿੰਘ, ਹਰਪ੍ਰੀਤ ਸਿੰਘ ਅਟਵਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਲਈ ਅੱਜ ਇੱਥੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸੁਵਿਧਾ ਕੈਂਪ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ ਜਿੱਥੇ ਵੱਖ-ਵੱਖ ਵਿਭਾਗਾਂ ਵੱਲੋਂ ੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਤੇ ਲੋੜੀਂਦੇ ਫਾਰਮ ਭਰੇ ਗਏ। ਕਈ ਲੋਕਾਂ ਨੂੰ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪਿਆ।ਫਾਰਮ ਕਾਊਂਟਰਾਂ ’ਤੇ ਖਤਮ ਹੋਣ ਕਾਰਨ ਕਾਫੀ ਲੋਕਾਂ ਨੂੰ ਫਾਰਮ ਮੁੱਲ ਵੀ 10-10 ਰੁਪਏ ਦੇ ਲੈਣੇ ਪਏ।ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜ਼ੂਦ ਰਹੇ।