ਨਵੀਂ ਦਿੱਲੀ, 30 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੀ ਨਵੀਂ ਲਹਿਰ ਨਾਲ ਭਾਰਤ ਬਹੁਤ ਸਫ਼ਲਤਾ ਨਾਲ ਲੜ ਰਿਹਾ ਹੈ ਅਤੇ ਆਪਣੇ ਦੇਸ਼ ਵਿਚ ਬਣੇ ਟੀਕੇ ’ਤੇ ਦੇਸ਼ ਵਾਸੀਆਂ ਦਾ ਭਰੋਸਾ ‘ਸਾਡੀ ਤਾਕਤ’ ਹੈ।
ਰੇਡੀਓ ’ਤੇ ਪ੍ਰਸਾਰਿਤ ਹੁੰਦੇ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਹੁਣ ਕਰੋਨਾ ਲਾਗ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ, ਜੋ ਕਿ ਇਕ ਬਹੁਤ ਹੀ ਸਕਾਰਾਤਮਕ ਸੰਕੇਤ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਕਰੀਬ ਸਾਢੇ ਚਾਰ ਕਰੋੜ ਬੱਚਿਆਂ ਦੇ ਕਰੋਨਾ ਵਿਰੋਧੀ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਇਸ ਦਾ ਮਤਲਬ ਹੈ ਕਿ 15 ਤੋਂ 18 ਸਾਲ ਉਮਰ ਵਰਗ ਦੇ 60 ਫ਼ੀਸਦ ਨੌਜਵਾਨ ਤਿੰਨ ਤੋਂ ਚਾਰ ਹਫ਼ਤਿਆਂ ਵਿਚ ਟੀਕਾ ਲਗਵਾ ਚੁੱਕੇ ਹਨ। ਇਸ ਨਾਲ ਨਾ ਸਿਰਫ਼ ਸਾਡੇ ਨੌਜਵਾਨਾਂ ਦਾ ਬਚਾਅ ਹੋਵੇਗਾ ਬਲਕਿ ਉਨ੍ਹਾਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਵਿਚ ਵੀ ਮਦਦ ਮਿਲੇਗੀ।’’
ਸ੍ਰੀ ਮੋਦੀ ਨੇ ਕਿਹਾ ਕਿ ਇਕ ਹੋਰ ਚੰਗੀ ਗੱਲ ਇਹ ਵੀ ਹੈ ਕਿ 20 ਦਿਨਾਂ ਦੇ ਅੰਦਰ ਹੀ ਇਕ ਕਰੋੜ ਲੋਕਾਂ ਨੇ ਇਹਤਿਆਤੀ ਖੁਰਾਕ ਵੀ ਲਗਵਾ ਲਈ ਹੈ। ਦੇਸ਼ ਵਿਚ ਬਣੇ ਟੀਕੇ ’ਤੇ ਦੇਸ਼ ਵਾਸੀਆਂ ਦੇ ਭਰੋਸੇ ਨੂੰ ਵੱਡੀ ਤਾਕਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਕਰੋਨਾ ਦੀ ਨਵੀਂ ਲਹਿਰ ਨਾਲ ਬੜੀ ਸਫ਼ਲਤਾ ਨਾਲ ਲੜ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਲੋਕ ਸੁਰੱਖਿਅਤ ਰਹਿਣ, ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਬਣੀ ਰਹੇ—ਹਰ ਦੇਸ਼ ਵਾਸੀ ਦੀ ਇਹੀ ਕਾਮਨਾ ਹੈ।’’
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਬਾਲਗ ਆਬਾਦੀ ’ਚੋਂ 75 ਫ਼ੀਸਦ ਦਾ ਟੀਕਾਕਰਨ ਪੂਰਾ ਹੋਣ ’ਤੇ ਅੱਜ ਦੇਸ਼ ਵਾਸੀਆਂ ਨੂੰ ਇਸ ‘ਅਹਿਮ ਉਪਲਬਧੀ’ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ’ਤੇ ਮਾਣ ਹੈ ਜੋ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾ ਰਹੇ ਹਨ।
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਭਾਰਤ ਨੇ 75 ਫ਼ੀਸਦ ਬਾਲਗ ਆਬਾਦੀ ਦੇ ਕੋਵਿਡ ਵਿਰੋਧੀ ਟੀਕਾਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਉਸ ਟਵੀਟ ਨੂੰ ਟੈਗ ਕਰਦੇ ਹੋਏ ਟਵਿੱਟਰ ’ਤੇ ਲਿਖਿਆ, ‘‘ਸਾਰੇ ਬਾਲਗਾਂ ਵਿੱਚੋਂ 75 ਫ਼ੀਸਦ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ। ਇਸ ਅਹਿਮ ਉਪਲੱਬਧੀ ਲਈ ਦੇਸ਼ ਵਾਸੀਆਂ ਨੂੰ ਵਧਾਈ।’’ ਮੋਦੀ ਨੇ ਟਵੀਟ ਕੀਤਾ, ‘‘ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾ ਰਹੇ ਸਾਰੇ ਲੋਕਾਂ ’ਤੇ ਮਾਣ ਹੈ।’’ -ਪੀਟੀਆਈ