ਪੱਤਰ ਪ੍ਰੇਰਕ
ਭੀਖੀ, 14 ਜੂਨ
ਸਥਾਨਕ ਸੁੰਨੀ ਜਾਮਾ ਮਸਜਿਦ ਵਾਰਡ ਨੰਬਰ-9 ਦੇ ਮੌਲਵੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਤਨੀ ਜੈਨਬ ਬੁਖ਼ਾਰੀ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪਤੀ ਸਈਅਦ ਸ਼ਫ਼ੀਕ ਅਹਿਮਦ ਬੁਖ਼ਾਰੀ ਪਿਛਲੇ 50 ਸਾਲਾਂ ਤੋਂ ਉਕਤ ਮਸਜਿਦ ਵਿੱਚ ਸੀ ਅਤੇ ਮਸਜਿਦ ਕੋਲ 51 ਕਨਾਲ ਦੇ ਲਗਭਗ ਜ਼ਮੀਨ ਹੈ, ਜਿਸ ਨੂੰ ਉਸ ਦੇ ਪਤੀ ਨੇ ਕੇਸ ਲੜ ਕੇ ਛੁਡਵਾਇਆ ਸੀ। ਉਸ ਨੇ ਦੱਸਿਆ ਕਿ ਸੁਲਤਾਨ ਸ਼ਾਹ, ਫਿਰੋਜ਼ ਖਾਂ, ਬਾਰੂ ਖਾਂ ਅਤੇ ਮਿੱਠੂ ਖਾਂ ਉਕਤ ਜਗ੍ਹਾ ਦੇ ਪ੍ਰਬੰਧ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ ਅਤੇ ਉਸ ਦੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਤੋਂ ਬਾਅਦ ਉਸ ਦੇ ਪਤੀ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਉਸ ਦਾ ਖੁਦਕੁਸ਼ੀ ਨੋਟ ਵੀ ਕਬਜ਼ੇ ਵਿਚ ਲੈ ਲਿਆ ਹੈ।
ਥਾਣਾ ਮੁਖੀ ਭੀਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਭੀਖੀ ਪੁਲੀਸ ਨੇ ਜੈਨਬ ਬੁਖ਼ਾਰੀ ਦੇ ਬਿਆਨਾਂ ’ਤੇ ਉਕਤ ਚਾਰੋਂ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।