ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜੂਨ
ਪੀਆਰਟੀਸੀ ਦੀਆਂ ਛੇ ਜਥੇਬੰਦੀਆਂ ’ਤੇ ਆਧਾਰਿਤ ਐਕਸ਼ਨ ਕਮੇਟੀ ਦੇ ਸੱਦੇ ’ਤੇ ਇੱਥੇ ਬੱਸ ਸਟੈਂਡ ’ਚ ਰੋਸ ਧਰਨਾ ਦਿੱਤਾ ਗਿਆ। ਵਰਕਰਾਂ ਨੇ ਤਨਖਾਹ ਤੇ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਕਸ਼ਨ ਕਮੇਟੀ ਵਿੱਚ ਏਟਕ, ਇੰਟਕ, ਸੀਟੂ, ਕਰਮਚਾਰੀ ਦਲ, ਐੱਸਸੀ/ਬੀਸੀ ਅਤੇ ਰਿਟਾਇਰ ਭਾਈਚਾਰਾ ਯੂਨੀਅਨ ਸ਼ਾਮਲ ਸਨ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ, ਇੰਟਕ ਦੇ ਗੰਡਾ ਸਿੰਘ, ਸੀਟੂ ਦੇ ਸੁੱਚਾ ਸਿੰਘ, ਐੱਸਸੀ/ਬੀਸੀ ਦੇ ਹਰਕੇਸ਼ ਕੁਮਾਰ, ਕਰਮਚਾਰੀ ਦਲ ਦੇ ਹਰਪ੍ਰੀਤ ਖੱਟੜਾ ਅਤੇ ਰਿਟਾਇਰ ਭਾਈਚਾਰਾ ਯੂਨੀਅਨ ਦੇ ਮੁਹੰਮਦ ਖਲੀਲ ਨੇ ਕਿਹਾ ਕਿ ਜਦੋਂ ਦੀ ‘ਆਪ’ ਸਰਕਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਹੈ, ਉਦੋਂ ਤੋਂ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਰਹੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਪੈਨਸ਼ਨ ਲਗਾਉਣ ਦਾ ਮਾਮਲਾ ਲਟਕ ਰਿਹਾ ਹੈ ਅਤੇ ਨਵੀਆਂ ਭਰਤੀਆਂ ਵੀ ਅਜੇ ਤੱਕ ਸ਼ੁਰੂ ਨਹੀਂ ਹੋਈਆਂ। ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਹੋਰ ਸਾਰੀਆਂ ਮੰਗਾਂ ਦਾ ਤੁਰੰਤ ਨਬਿੇੜਾ ਕੀਤਾ ਜਾਵੇ।
ਇਸ ਮੌਕੇ ਉੱਤਮ ਸਿੰਘ ਬਾਗੜੀ, ਦਲਜੀਤ ਸਿੰਘ, ਬਲਦੇਵ ਰਾਜ, ਨਸੀਬ ਚੰਦ, ਬਿਕਰਜੀਤ ਸਿੰਘ, ਭਿੰਦਰ ਸਿੰਘ, ਅਲੀ ਮੁਹੰਮਦ, ਇੰਦਰਪਾਲ ਪੁੰਨਾਂਵਾਲ, ਗੁਰਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ ਗੋਲਡੀ ਆਦਿ ਨੇ ਵੀ ਸੰਬੋਧਨ ਕੀਤਾ।