ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਜਨਵਰੀ
ਪਿੰਡ ਮਤੋਲੀ ਦੀ ਪੰਚਾਇਤ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਦੀ ਫਿਰਨੀ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾ ਲਿਆ ਹੈ। ਦੂਸਰੀ ਧਿਰ ਦਲੇਰ ਸਿੰਘ ਵਾਸੀ ਮਤੌਲੀ ਨੇ ਦੋਸ਼ ਲਾਇਆ ਹੈ ਕਿ ਪੰਚਾਇਤ ਵੱਲੋਂ ਉਨ੍ਹਾਂ ਨਾਲ ਅਕਾਲੀ ਦਲ ਦੇ ਨਾਲ ਜੁੜੇ ਹੋਣ ਕਾਰਨ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਮਤੌਲੀ ਤੋ ਸ਼ੁਤਰਾਣਾ ਤੱਕ ਬਣਨ ਵਾਲੀ ਲਿੰਕ ਸੜਕ ਜਿਸ ਦਾ ਪਿਛਲੇ ਦਿਨੀਂ ਉਦਘਾਟਨ ਕੀਤਾ ਗਿਆ ਹੈ, ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਪਿੰਡ ਦੀ ਫਿਰਨੀ ਉੱਤੇ ਕੀਤੇ ਗਏ ਪਿੰਡ ਵਾਸੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਕਿਸੇ ਵੀ ਭੇਦਭਾਵ ਤੋਂ ਬਿਨਾਂ ਛੁਡਵਾਇਆ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਹੈ ਕਿ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਇਹ ਕਬਜ਼ੇ ਛੁਡਵਾਏ ਜਾ ਰਹੇ ਹਨ ਤੇ ਸਾਰੀ ਪ੍ਰਕਿਰਿਆ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ। ਦਲੇਰ ਸਿੰਘ ਮਤੋਲੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਭਾਰਤ-ਪਾਕਿ ਦੀ ਵੰਡ ਤੋਂ ਬਾਅਦ ਪਿੰਡ ਵਿੱਚ ਜ਼ਮੀਨ ਅਲਾਟ ਹੋਈ ਸੀ। ਉਦੋਂ ਤੋਂ ਉਨ੍ਹਾਂ ਦਾ ਇਸ ਜਗ੍ਹਾ ਵਿੱਚ ਟਿਊਬਵੈੱਲ ਵੀ ਲੱਗਿਆ ਹੋਇਆ ਹੈ ਪਰ ਪਿੰਡ ਵਿੱਚ ਪਾਰਟੀਬਾਜ਼ੀ ਹੋਣ ਕਾਰਨ ਉਨ੍ਹਾਂ ’ਤੇ ਨਾਜਾਇਜ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਕਿ ਸਹੀ ਢੰਗ ਨਾਲ ਨਿਸ਼ਾਨਦੇਹੀ ਕਰਵਾ ਕੇ ਉਨ੍ਹਾਂ ਦਾ ਬਣਦਾ ਰਕਬਾ ਪੂਰਾ ਕੀਤਾ ਜਾਵੇ ਜੇ ਇਹ ਜਗ੍ਹਾ ਵਾਧੂ ਹੋਵੇਗੀ ਤਾਂ ਉਹ ਛੱਡਣ ਨੂੰ ਤਿਆਰ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪੁਲੀਸ ਪ੍ਰਸ਼ਾਸਨ ਨੇ ਕਬਜ਼ਾ ਛੁਡਾਉਣ ਤੋਂ ਪਹਿਲਾਂ ਦਲੇਰ ਸਿੰਘ ਤੇ ਉਸਦੇ ਸਾਥੀ ਨੂੰ ਹਿਰਾਸਤ ਲੈ ਲਿਆ ਸੀ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ ਨੇ ਕਿਹਾ ਕਿ ਹਾਈ ਕੋਰਟ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ਾਂ ਅਨੁਸਾਰ ਪਿੰਡ ਦੀ ਫਿਰਨੀ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਅੱਜ ਪੁਲੀਸ ਦੇ ਸਹਿਯੋਗ ਨਾਲ ਛੁਡਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਹੀ ਕੀਤੀ ਗਈ ਹੈ। ਇਸ ਵਿੱਚ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਕੀਤਾ ਗਿਆ। ਇਸੇ ਦੌਰਾਨ ਐੱਸਐੱਚਓ ਸ਼ੁਤਰਾਣਾ ਮਨਜੀਤ ਸਿੰਘ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀਆਂ ਸਬੰਧੀ ਜੋ ਡਿਊਟੀ ਮੈਜਿਸਟ੍ਰੇਟ ਦੇ ਹੁਕਮ ਹੋਣਗੇ ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸਐੱਚਓ ਘੱਗਾ ਅਜੇ ਕੁਮਾਰ, ਐੱਸਐੱਚਓ ਪਾਤੜਾਂ ਸੁਰਜਣ ਸਿੰਘ, ਪਾਤੜਾਂ ਚੌਕੀ ਇੰਚਾਰਜ ਜਜਵਿੰਦਰ ਸਿੰਘ, ਠਰੂਆ ਚੌਕੀ ਇੰਚਾਰਜ ਪਲਵਿੰਦਰ ਸਿੰਘ ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।