ਨਵੀਂ ਦਿੱਲੀ, 14 ਅਗਸਤ
ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਕੇਂਦਰੀ ਹਥਿਆਰਬੰਦ ਪੁਲੀਸ ਫੋਰਸਿਜ਼ (ਸੀਏਪੀਐੱਫ) ਅਤੇ ਸੂਬਾ ਪੁਲੀਸ ਬਲਾਂ ਦੇ 1,082 ਜਵਾਨਾਂ ਤੋਂ ਇਲਾਵਾ ਆਈਟੀਬੀਪੀ ਦੇ 20 ਜਵਾਨਾਂ ਨੂੰ ਬਹਾਦਰੀ ਲਈ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 347 ਪੁਲੀਸ ਜਵਾਨਾਂ ਨੂੰ ਬਹਾਦਰੀ ਲਈ ਮੈਡਲ, 87 ਨੂੰ ਵਿਲੱਖਣ ਲਈ ਰਾਸ਼ਟਰਪਤੀ ਪੁਲੀਸ ਮੈਡਲ ਅਤੇ 648 ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲੀਸ ਮੈਡਲ ਦਿੱਤੇ ਜਾ ਰਹੇ ਹਨ।
ਸੀਬੀਆਈ ਦੇ 30 ਅਧਿਕਾਰੀਆਂ ਦਾ ਵੀ ਪੁਲੀਸ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਕੋਲਾ ਘੁਟਾਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਵੀ ਸ਼ਾਮਲ ਹਨ। ਐਵਾਰਡਾਂ ਦਾ ਐਲਾਨ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ। ਸੀਬੀਆਈ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਏਜੰਸੀ ਦੇ ਛੇ ਅਧਿਕਾਰੀਆਂ ਨੂੰ ਬੇਮਿਸਾਲ ਸੇਵਾਵਾਂ ਲਈ ਜਦਕਿ 24 ਹੋਰਾਂ ਨੂੰ ਸ਼ਾਨਦਾਰ (ਮੈਰੀਟੋਰੀਅਸ) ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ। ਭਾਰਤ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਤਰਜਮਾਨ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਸੈਨਾ ਨੂੰ ਛੇ ਪੁਲੀਸ ਬਹਾਦਰੀ ਮੈਡਲ, ਵਿਲੱਖਣ ਸੇਵਾਵਾਂ ਲਈ ਤਿੰਨ ਰਾਸ਼ਟਰਪਤੀ ਪੁਲੀਸ ਮੈਡਲ ਅਤੇ ਸ਼ਾਨਦਾਰ ਸੇਵਾਵਾਂ ਲਈ 11 ਪੁਲੀਸ ਮੈਡਲ ਮਿਲੇ ਹਨ। ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੇ ਫਰਜ਼ ਨੂੰ ਨਿਭਾਉਂਦਿਆਂ ਸੁਰੱਖਿਆ ’ਚ ਅਹਿਮ ਯੋਗਦਾਨ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਹੁਣ ਸਨਮਾਨਿਆ ਜਾ ਰਿਹਾ ਹੈ। -ਪੀਟੀਆਈ