ਸ਼ਵਿੰਦਰ ਕੌਰ
ਜਦੋਂ ਵੀ ਕਿਸੇ ਪਰਿਵਾਰ ਵਲੋਂ ਇਹ ਦੱਸਿਆ ਜਾਂਦਾ ਹੈ ਕਿ ਲੈ ਭਾਈ, ਮੁੰਡੇ ਜਾਂ ਕੁੜੀ ਦਾ ਵਿਆਹ ਧਰ ਲਿਆ ਹੈ ਤਾਂ ਸੁਣਦਿਆਂ ਹੀ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਚਾਅ ਚੜ੍ਹ ਜਾਂਦਾ ਹੈ। ਜਿਸ ਦਾ ਵਿਆਹ ਧਰਿਆ ਹੁੰਦਾ ਹੈ, ਉਹਨਾਂ ਦੀ ਜਿ਼ੰਦਗੀ ਵਿਚ ਤਾਂ ਨਵੀਆਂ ਖੁਸ਼ੀਆਂ ਦਾ ਆਗਮਨ ਹੋਣਾ ਹੁੰਦਾ ਹੈ, ਨਵਾਂ ਰਿਸ਼ਤਾ ਜੁੜਨਾ ਹੁੰਦਾ ਹੈ। ਇਸ ਲਈ ਉਹਨਾਂ ਲਈ ਇਹ ਪਲ ਹੋਰ ਵੀ ਨਿੱਘੇ, ਮਿੱਠੇ ਅਤੇ ਖੁਸ਼ੀਆਂ ਭਰੇ ਹੁੰਦੇ ਹਨ। ਇਹੀ ਹਾਲ ਅਜ਼ਰਾ ਦਾ ਸੀ। ਜਿਸ ਦਿਨ ਤੋਂ ਉਸ ਦਾ ਵਿਆਹ ਧਰਿਆ ਸੀ, ਉਸ ਦੇ ਚਿਹਰੇ ਦੀ ਰੰਗਤ ਹੀ ਬਦਲ ਗਈ ਸੀ। ਸੋਹਣੀ ਸਨੁੱਖੀ ਤਾਂ ਉਹ ਪਹਿਲਾਂ ਹੀ ਬਥੇਰੀ ਹੈ ਪਰ ਹੁਣ ਤਾਂ ਮੱਖਣ ਵਿਚ ਘੁਲੇ ਸੰਧੂਰ ਵਰਗਾ ਉਸ ਦਾ ਰੰਗ ਹੋਰ ਵੀ ਨਿਖਰ ਆਇਆ ਸੀ। ਮੇਰੇ ਸਾਹਮਣੇ ਉਹ ਭਾਵੇਂ ਸੰਜੀਦਾ ਰਹਿਣ ਦੀ ਕੋਸਿ਼ਸ਼ ਕਰਦੀ ਪਰ ਉਸ ਦੇ ਸੰਦਲੀ ਨੈਣ ਅੰਦਰੋਂ ਡੁਲ੍ਹ ਡੁਲ੍ਹ ਪੈਂਦੀ ਖੁਸ਼ੀ ਦੀ ਚੁਗਲੀ ਕਰ ਦਿੰਦੇ ਸਨ।
ਜਦੋਂ ਵੀ ਉਸ ਦੇ ਪਾਪਾ ਜਾਂ ਪਰਿਵਾਰ ਦਾ ਕੋਈ ਜੀਅ ਉਸ ਲਈ ਕੋਈ ਸਾਮਾਨ ਵਗੈਰਾ ਖਰੀਦ ਕੇ ਲਿਆਉਂਦੇ ਤਾਂ ਉਹ ਝੱਟ ਵੀਡੀਓ ਕਾਲ ਰਾਹੀਂ ਸਾਨੂੰ ਦਿਖਾਉਣ ਲੱਗ ਜਾਂਦੀ। ਜਦੋਂ ਉਹ ਆਪਣੇ ਲਈ ਕੱਪੜੇ, ਜੁੱਤੀ ਜਾਂ ਸੈਂਡਲ ਵਗੈਰਾ ਖਰੀਦ ਕੇ ਲਿਆਉਂਦੀ ਤਾਂ ਫਿਰ ਤਿੰਨੇ ਭੈਣਾਂ ਝੱਟ ਰੰਗ, ਡਿਜ਼ਾਇਨ ਬਾਰੇ ਚਰਚਾ ਕਰ ਕੇ ਮੇਰੀ ਉਸ ਬਾਰੇ ਰਾਇ ਪੁੱਛਣ ਲੱਗ ਪੈਂਦੀਆਂ। ਮੇਰੇ ਨਾਲ ਧੀ ਦੀ ਰਾਇ ਵੀ ਜ਼ਰੂਰ ਪੁੱਛਦੀਆਂ। ਬਿਲਕੁਲ ਉਸੇ ਤਰ੍ਹਾਂ, ਜਿਵੇਂ ਦੂਰ ਬੈਠੀ ਪਰਦੇਸਣ ਭੈਣ ਨਾਲ ਛੋਟੀਆਂ ਭੈਣਾਂ ਆਪਣੇ ਚਾਅ ਸਾਂਝੇ ਕਰਦੀਆਂ ਹਨ।
ਵਿਆਹ ਦਾ ਕਾਰਡ ਉਸ ਨੇ ਵ੍ਹੱਟਸਐਪ ’ਤੇ ਭੇਜ ਦਿੱਤਾ ਸੀ। ਉਂਝ ਤਾਂ ਸਾਰੇ ਪਰਿਵਾਰ ਨੇ ਹੀ ਪੂਰੇ ਜ਼ੋਰ ਨਾਲ ਵਿਆਹ ’ਤੇ ਆਉਣ ਲਈ ਸਾਡੇ ਪਰਿਵਾਰ ਨੂੰ ਤਾਕੀਦ ਕੀਤੀ ਸੀ ਪਰ ਅਜ਼ਰਾ ਤਾਂ ਮਗਰ ਹੀ ਪੈ ਗਈ ਸੀ। ਵਾਰ ਵਾਰ ਇੱਕ ਹੀ ਰਟ ਲਾਉਂਦੀ ਰਹੀ ਕਿ ਤੁਸੀਂ ‘ਆਪੀ’ ਜ਼ਰੂਰ ਆਉਣਾ ਹੈ।
ਮੈਂ ਕਿਹਾ, “ਇਹ ਕਿਹੜਾ ਟਿਕਟ ਲੈ ਕੇ ਬੱਸ ਵਿਚ ਬੈਠ ਜਾਣਾ ਹੈ। ਤੈਨੂੰ ਪਤੈ, ਤੁਹਾਡੇ ਪਿੰਡ ਤੱਕ ਪਹੁੰਚਣ ਲਈ ਕਿੰਨੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣੀਆਂ ਹਨ; ਫਿਰ ਵੀ ਆਪਣੇ ਹੱਥ ਵੱਸ ਕੁਝ ਨਹੀਂ, ਸਭ ਕੁਝ ਵੀਜ਼ਾ ਦੇਣ ਵਾਲਿਆਂ ’ਤੇ ਨਿਰਭਰ ਕਰਦਾ ਹੈ।”
ਅਖੀਰ ਅਸੀਂ ਇਹ ਸਮਝੌਤਾ ਕਰ ਲਿਆ ਕਿ ਅਸੀਂ ਵਿਆਹ ਦੀ ਹਰ ਰਸਮ ’ਚ ਵੀਡੀਓ ਕਾਲ ਰਾਹੀਂ ਸ਼ਾਮਲ ਰਹਾਂਗੇ।
ਅਜ਼ਰਾ ਵੰਡ ਤੋਂ ਪਹਿਲਾਂ ਸਾਡੇ ਗੁਆਂਢੀ ਰਹੇ ਬਾਬੇ ਖੁਸ਼ੀ ਮੁਹੰਮਦ ਦੀ ਪੋਤੀ ਹੈ ਜੋ ਮੇਰੇ ਬਾਪੂ ਦਾ ਬਚਪਨ ਦਾ ਦੋਸਤ ਸੀ। ਸਾਡੇ ਵੱਡ ਵਡੇਰੇ ਵੀ ਕਦੇ ਇੱਕ ਹੀ ਹੋਣਗੇ ਕਿਉਂਕਿ ਉਸ ਦਾ ਅਤੇ ਸਾਡਾ ਗੋਤ ਵੀ ਇੱਕ ਹੀ ਹੈ। ਫਿਰ ਕਿਸੇ ਕਾਰਨ ਉਨ੍ਹਾਂ ਦੇ ਕਿਸੇ ਬਜ਼ੁਰਗ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਹੋਵੇਗਾ। ਬਾਬੇ ਨੇ ਹੀ ਮੈਨੂੰ ਦੱਸਿਆ ਸੀ ਕਿ ਉਂਝ ਤਾਂ ਮੈਂ ਤੇਰੇ ਬਾਪੂ ਦਾ ਹਾਣੀ ਹਾਂ ਪਰ ਅਸੀਂ ਵੱਡੇ ਥਾਂ ਹੋਣ ਕਰ ਕੇ ਮੈਂ ਤੇਰੇ ਦਾਦੇ ਦੇ ਭਰਾਵਾਂ ਦੀ ਥਾਂ ਲੱਗਦਾ ਸੀ, ਇਸ ਤਰ੍ਹਾਂ ਤੂੰ ਮੇਰੀ ਪੋਤੀ ਹੋਈ। ਨਵੀਂ ਤਕਨਾਲੋਜੀ ਨੇ ਦੁਨੀਆ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਕਰ ਦਿੱਤਾ ਹੈ। ਇਸੇ ਤਕਨਾਲੋਜੀ ਨੇ ਹੀ ਸਾਡੀ ਜਾਣ-ਪਛਾਣ ਬਾਬੇ ਨਾਲ ਕਰਾਈ ਸੀ। ਬਾਬੇ ਨਾਲ ਗੱਲਾਂ-ਬਾਤਾਂ ਕਰਦਿਆਂ ਉਸ ਦੀਆਂ ਪੋਤੀਆਂ ਨਾਲ ਭੈਣਾਂ ਵਾਲਾ ਰਿਸ਼ਤਾ ਬਣ ਗਿਆ ਸੀ।
ਵਿਆਹ ਤੋਂ ਇੱਕ ਦਿਨ ਪਹਿਲਾਂ ਸਾਡੇ ਵਾਂਗ ਹੀ ਗੀਤ ਗਾਉਣ ਦੀ ਰਸਮ ਸੀ। ਗੀਤ ਗਾਉਣ ਲੱਗਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਕਰ ਲਿਆ। ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਇਹ ਕਹਿ ਕੇ ਜਾਣ ਪਛਾਣ ਕਰਾਈ ਕਿ ਇਹ ‘ਆਪੀ’ ਨੇ ਪੰਜਾਬ ਤੋਂ। ਇਹ ਸਾਡੇ ਪੁਰਾਣੇ ਪਿੰਡ ਰਹਿਣ ਸਮੇਂ ਸਾਡੇ ਹਮਸਾਏ ਸਨ।
ਗੀਤ ਗਾਉਣ ਸਮੇਂ ਕਿਸੇ ਤਰ੍ਹਾਂ ਦਾ ਦਿਖਾਵਾ ਨਹੀਂ ਸੀ। ਦਰੀ ’ਤੇ ਸਾਰੀਆਂ ਕੁੜੀਆਂ, ਬੁੜ੍ਹੀਆਂ ਬੈਠੀਆਂ ਸਨ। ਢੋਲਕੀ ਦਾ ਕੰਮ ਵੀ ਪਰਾਤ ਤੇ ਚਮਚੇ ਮਾਰ ਕੇ ਲਿਆ ਜਾ ਰਿਹਾ ਸੀ। ਜਿਉਂ ਹੀ ਉਹਨਾਂ ਨੇ ਗੀਤ ਗਾਉਣਾ ਸ਼ੁਰੂ ਕੀਤਾ:
ਛਾਵਾ ਰੰਗ ਮਾਹੀਏ ਦਾ,
ਮੱਖਣ ਤੇ ਸੰਧੂਰ ਰੰਗ ਮਾਹੀਏ ਦਾ,
ਛਾਵਾ ਰੰਗ ਮਾਹੀਏ ਦਾ…
ਤਾਂ ਸਾਥੋਂ ਆਪ ਮੁਹਾਰੇ ਹੀ ਉਹਨਾਂ ਦਾ ਸਾਥ ਦਿੱਤਾ ਗਿਆ। ਜਦੋਂ ਦੂਜਾ ਗੀਤ ‘ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰੋ’ ਗਾਇਆ ਤਾਂ ਧੀ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਮੰਮੀ ਇਹ ਤਾਂ ਸਾਰੇ ਗੀਤ ਹੀ ਆਪਣੇ ਵਾਲੇ ਅਤੇ ਆਪਣੇ ਵਾਂਗੂੰ ਹੀ ਗਾ ਰਹੀਆਂ।”
“ਪੁੱਤ, ਕਦੇ ਇਹ ਵੀ ਆਪਣੀਆਂ ਗਲੀਆਂ, ਮੁਹੱਲਿਆਂ ਦੀ ਰੌਣਕ ਸਨ। ਇਹ ਤਾਂ ਸਕਤਿਆਂ ਦੀ ਖਿੱਚੀ ਲਕੀਰ ਨੇ ਪੰਜਾਬ ਦੇ ਟੁਕੜੇ ਕਰ ਦਿੱਤੇ ਸਨ ਜਿਸ ਦਾ ਖਮਿਆਜ਼ਾ ਦੋਵੇਂ ਪੰਜਾਬ ਭੋਗ ਰਹੇ ਹਨ। ਉਂਝ ਤਾਂ ਕਈ ਮੁਲਕ ਇਸ ਤਰ੍ਹਾਂ ਦੀਆਂ ਲੀਕ ਮੇਟ ਕੇ ਮੁੜ ਇੱਕ ਹੋ ਗਏ ਹਨ ਪਰ ਦੋਵਾਂ ਪੰਜਾਬਾਂ ਦੇ ਹੁਕਮਰਾਨਾਂ ਦੇ ਸਬੰਧ ਬਹੁਤ ਸਮੇਂ ਤੋਂ ਸੁਖਾਵੇਂ ਨਹੀਂ। ਭਲਾ ਤਾਂ ਦੋਵਾਂ ਪੰਜਾਬਾਂ ਦੇ ਆਪਸੀ ਸਬੰਧ ਖੁਸ਼ਗਵਾਰ ਅਤੇ ਉਸਾਰੂ ਬਣੇ ਰਹਿਣ ਵਿਚ ਹੀ ਹੈ। ਦੋਵਾਂ ਪੰਜਾਬਾਂ ਦਾ ਵੱਡੇ ਪੈਮਾਨੇ ਤੇ ਆਪਸੀ ਵਪਾਰ ਦੋਵਾਂ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰ ਸਕਦਾ ਹੈ।”
ਜਦੋਂ ਅਜ਼ਰਾ ਦੇ ਸਹੁਰਿਆਂ ਨੇ ਉਸ ਲਈ ਲੀੜੇ ਕੱਪੜੇ ਤੇ ਹੋਰ ਸਾਮਾਨ ਭੇਜਿਆ ਗਿਆ ਤਾਂ ਉਸ ਵਿਚ ਕੱਚ ਦੀਆਂ ਰੰਗ ਬਰੰਗੀਆਂ ਚੂੜੀਆਂ ਵੀ ਸਨ। ਉਹਨਾਂ ਦੇ ਦੱਸਣ ਮੁਤਾਬਕ ਇਹ ਵਿਆਹ ਵਾਲੀ ਲੜਕੀ ਨੇ ਆਪਣੀਆਂ ਭੈਣਾਂ ਨੂੰ ਵੰਡਣੀਆਂ ਹੁੰਦੀਆਂ। ਉਸ ਨੇ ਕਿਹਾ, “ਆਪੀ ਤੁਹਾਡੇ ਹਿੱਸੇ ਦੀਆਂ ਚੂੜੀਆਂ ਹੁਣ ਮੈਂ ਕਿਵੇਂ ਦੇਵਾਂ?”
“ਇਹਨਾਂ ਨੂੰ ਸਾਂਭ ਕੇ ਰੱਖ ਲੈ। ਬਾਬੇ ਨੇ ਆਪਣੀ ਜਨਮ ਭੋਇੰ ਦੇਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਵੀਜ਼ੇ ਵਾਸਤੇ ਅਪਲਾਈ ਤਾਂ ਕੀਤਾ ਹੋਇਆ ਹੈ, ਜਦੋਂ ਉਹ ਆਉਣਗੇ, ਉਸ ਸਮੇਂ ਭੇਜ ਦੇਣੀਆਂ।”
“ਆਪੀ, ਵੀਜ਼ਾ ਕੀ ਪਤਾ ਲੱਗੇ ਕਿ ਨਾ। ਤੁਸੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਆ ਜਾਉ। ਉੱਥੇ ਸਾਡੇ ਵਿਚੋਂ ਕੋਈ ਆ ਕੇ ਦੇ ਜਾਵੇਗਾ।”
ਦਿਲ ਤਾਂ ਮੇਰਾ ਵੀ ਬੜਾ ਕਰਦਾ ਉਸ ਅਸਥਾਨ ਨੂੰ ਦੇਖਾਂ। ਉਹਨਾਂ ਖੇਤਾਂ ਦੀ ਮਿੱਟੀ ਨੂੰ ਆਪਣੇ ਮਸਤਕ ਨਾਲ ਲਾਵਾਂ ਜਿੱਥੇ ਬਾਬੇ ਨਾਨਕ ਨੇ ਜਿ਼ੰਦਗੀ ਦੇ ਆਖਰੀ ਪਹਿਰ ਹਲ ਚਲਾਇਆ, ਹੱਥੀਂ ਕਿਰਤ ਕੀਤੀ ਤੇ ਫਿਰ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਹੁਣ ਦੇ ਰਹਬਿਰਾਂ ਦੇ ਦਿੱਤੇ ਉਪਦੇਸ਼ ਤਾਂ ਸਿਰਫ਼ ਲੋਕਾਂ ਲਈ ਹੁੰਦੇ ਹਨ, ਉਨ੍ਹਾਂ ਦੇ ਆਪਣੇ ਅਮਲ ਕਰਨ ਵਾਸਤੇ ਨਹੀਂ।
ਮੈਂ ਮਨ ਹੀ ਮਨ ਕਿਹਾ ਕਿ ਕਿਸੇ ਦੇ ਹਿੱਸੇ ਕੁਝ ਮਜਬੂਰੀਆਂ ਅਜਿਹੀਆਂ ਵੀ ਆਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਾੜ ਹਮੇਸ਼ਾ ਉਸ ਦੇ ਰਾਹਾਂ ਨੂੰ ਰੋਕ ਲੈਂਦੀ ਹੈ। ਆਪਣੇ ਆਪ ਵਿਚੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਚੂੜੀਆਂ ਸੰਭਾਲ ਕੇ ਰੱਖਣ ਲਈ ਕਿਹਾ ਅਤੇ ਨਾਲ ਹੀ ਯਕੀਨ ਵੀ ਦਿਵਾਇਆ ਕਿ ਪਿਆਰ ਮੁਹੱਬਤ ਭਰਿਆ ਤੇਰਾ ਇਹ ਤੋਹਫ਼ਾ ਮੈਂ ਖੁਦ ਨਹੀਂ ਤਾਂ ਕਿਸੇ ਨੇੜਲੇ ਦੇ ਕਰਤਾਰਪੁਰ ਸਾਹਿਬ ਆਉਣ ’ਤੇ ਮੰਗਵਾ ਲਵਾਂਗੀ। ਉਸ ਦੇ ਸਨੇਹ ’ਤੇ ਬੜਾ ਮਾਣ ਮਹਿਸੂਸ ਹੋਇਆ। ਫੋਨ ਕੱਟਿਆ ਗਿਆ ਸੀ, ਤੇ ਮੇਰੇ ਅੰਦਰੋਂ ਕਿਸੇ ਕਵੀ ਦੀਆਂ ਲਿਖੀਆਂ ਲਾਈਨਾਂ
ਅਰਦਾਸ ਵਾਂਗ ਨਿਕਲੀਆਂ:
ਰੋਕੋ ਵਗਣੋਂ ਇਸ ਧਰਤੀ ਤੋਂ ਤਲਖ਼ ਹਵਾਵਾਂ ਨੂੰ।
ਭੁੱਲ ਨਾ ਜਾਵੇ ਜਾਚ ਵਗਣ ਦੀ ਪੰਜ ਦਰਿਆਵਾਂ ਨੂੰ।
ਸੰਪਰਕ: 76260-63596