ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜਨਵਰੀ
ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਭਾਜਪਾ ਅਤੇ ਉਸ ਦੇ ਨਵੇਂ ਭਾਈਵਾਲਾਂ ਦੀ ਇੱਥੇ ਮੀਟਿੰਗ ਹੋਈ ਜਿਸ ਵਿਚ ਕਰੀਬ ਚਾਰ ਘੰਟੇ ਵਿਚਾਰ ਚਰਚਾ ਚੱਲੀ। ਇਸ ਕਮੇਟੀ ਵਿਚ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦੋ-ਦੋ ਮੈਂਬਰ ਸ਼ਾਮਲ ਹਨ। ਭਾਜਪਾ ਆਗੂਆਂ ਨੇ ਮੀਟਿੰਗ ਵਿਚ ਆਪਣੇ ਨਵੇਂ ਭਾਈਵਾਲਾਂ ਦੀ ਸੀਟਾਂ ਦੀ ਵੰਡ ਨੂੰ ਲੈ ਕੇ ਨਬਜ਼ ਟੋਹੀ। ਉਂਜ ਮੀਟਿੰਗ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਫ਼ਿਰੋਜ਼ਪੁਰ ਰੈਲੀ ’ਤੇ ਕੇਂਦਰਤ ਰਹੀ। ਭਾਜਪਾ ਨਾਲ ਗੱਠਜੋੜ ਕਰਨ ਵਾਲੀਆਂ ਦੋਵੇਂ ਪਾਰਟੀਆਂ ਨੇ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਰੱਖੀ ਹੈ। ਜਾਣਕਾਰੀ ਅਨੁਸਾਰ ਸੀਟਾਂ ਦੀ ਵੰਡ ਨੂੰ ਲੈ ਕੇ ਹੁਣ ਅਗਲੀ ਮੀਟਿੰਗ 6 ਜਨਵਰੀ ਨੂੰ ਹੋਵੇਗੀ ਜਿਸ ਵਿਚ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਆਪੋ-ਆਪਣੇ ਹਲਕਿਆਂ ਅਤੇ ਉਮੀਦਵਾਰਾਂ ਦੀ ਸੂਚੀ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਉਮੀਦਵਾਰਾਂ ਦੇ ਨਾਮ ਅੱਗੇ ਰੱਖੇ ਜਾਣਗੇ ਜਿਨ੍ਹਾਂ ਨੂੰ ਲੈ ਕੇ ਸਰਵੇ ਕਰਾਉਣ ’ਤੇ ਸਹਿਮਤੀ ਬਣੀ ਹੈ। ਇਸ ਮਗਰੋਂ ਨਿਰੋਲ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ।
ਮੀਟਿੰਗ ਵਿਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਸੀਟਾਂ ਦੀ ਵੰਡ ਦੇ ਮਾਮਲੇ ਵਿਚ ਕਿਸੇ ਅੰਕੜੇ ਵਿਚ ਪੈਣ ਦੀ ਥਾਂ ਜਿੱਤਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ ਅਤੇ ਉਮੀਦਵਾਰ ਤਿੰਨੋਂ ਸਿਆਸੀ ਧਿਰਾਂ ’ਚੋਂ ਕਿਸੇ ਵੀ ਧਿਰ ਦਾ ਹੋ ਸਕਦਾ ਹੈ। ਮੀਟਿੰਗ ਵਿਚ ਭਾਜਪਾ ਤਰਫ਼ੋਂ ਜਨਰਲ ਸਕੱਤਰ ਦਿਆਲ ਸੋਢੀ ਅਤੇ ਸੁਭਾਸ਼ ਸ਼ਰਮਾ, ਪੰਜਾਬ ਲੋਕ ਕਾਂਗਰਸ ਵੱਲੋਂ ਰਣਇੰਦਰ ਸਿੰਘ ਤੇ ਲੈਫ. ਜਨਰਲ (ਰਿਟਾਇਰਡ) ਟੀ ਐੱਸ ਸ਼ੇਰਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ (ਜਸਟਿਸ) ਸ਼ਾਮਲ ਹੋਏ। ਤਿੰਨੋਂ ਪਾਰਟੀਆਂ ਦੇ ਆਗੂਆਂ ਨੇ ਇਸ ਗੱਲ ਦਾ ਅਹਿਦ ਲਿਆ ਕਿ ਪੰਜਾਬ ਨੂੰ ਕਾਂਗਰਸ ਮੁਕਤ ਬਣਾਇਆ ਜਾਵੇ। ਨਵੇਂ ਭਾਈਵਾਲਾਂ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਚੋਣ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਸੂਬੇ ਵਿਚ ਮਾਹੌਲ ਸਿਰਜਿਆ ਜਾਵੇ ਜਿਸ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਕਿਸੇ ਪੈਕੇਜ ਦਾ ਐਲਾਨ ਕਰਨ ਤਾਂ ਜੋ ਪੰਜਾਬੀਆਂ ਵਿਚ ਭਾਜਪਾ ਪ੍ਰਤੀ ਭਰੋਸਾ ਬਹਾਲ ਹੋ ਸਕੇ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਸਿੱਖ ਮੁੱਦਿਆਂ ਤੋਂ ਇਲਾਵਾ ਪੰਜ ਏਕੜ ਤੱਕ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਮੁੱਦਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਪੰਜਾਬ ਲਈ ਬਹੁਪੱਖੀ ਪੈਕੇਜ ਮੰਗਿਆ ਹੈ। ਮੀਟਿੰਗ ਵਿਚ ਛੋਟੇ ਦੁਕਾਨਦਾਰਾਂ, ਸਨਅਤਕਾਰਾਂ ਅਤੇ ਕੋਵਿਡ ਦੀ ਮਾਰ ਝੱਲਣ ਵਾਲੇ ਗ਼ਰੀਬ ਲੋਕਾਂ ਨੂੰ ਵੀ ਪੈਕੇਜ ਦਾ ਹਿੱਸਾ ਬਣਾਏ ਜਾਣ ਦੀ ਗੱਲ ਉੱਭਰੀ।