ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਪਿੰਡਾਂ ਦੇ ਵਸਨੀਕਾਂ ਨੂੰ ਰਾਤ ਸਮੇਂ ਮਾਰੂ ਹਥਿਆਰਾਂ ਨਾਲ ਲੈਸ ਘੁੰਮਦੇ ਟੋਲਿਆਂ ਦਾ ਡਰ ਸਤਾਉਣ ਲੱਗਾ ਹੈ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੰਚਾਇਤਾਂ ਨੇ ਪਿੰਡਾਂ ’ਚ ਰਾਤ ਦੇ ਪਹਿਰੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸਦੇ ਮੱਦੇਨਜ਼ਰ ਪਿੰਡਾਂ ’ਚ ਵੀ ਕੈਮਰੇ ਲੱਗਣੇ ਸ਼ੁਰੂ ਹੋ ਗਏ ਹਨ। ਸ਼ਹਿਰ ਅਤੇ ਪਿੰਡਾਂ ’ਚ ਦੇਰ ਰਾਤ ਨੂੰ ਹੋਈਆਂ ਚੋਰੀਆਂ ਕਾਰਨ ਲੋਕਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।
ਪਿੰਡਾਂ ਅਤੇ ਸ਼ਹਿਰ ਦੇ ਕਈ ਘਰਾਂ ’ਚੋਂ ਚੋਰਾਂ ਨੇ ਨਕਦੀ, ਗਹਿਣਿਆਂ, ਸਕੂਟਰ ਮੋਟਰਸਾਈਕਲਾਂ ਤੋਂ ਇਲਾਵਾ ਘਰਾਂ ’ਚ ਪਈਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵੀ ਨਹੀਂ ਛੱਡੀਆਂ।
ਪੁਲੀਸ ਵੱਲੋਂ ਇੱਥੇ ਸ਼ਹਿਰ ਦੇ ਬਾਹਰ ਵੱਗਦੀ ਸੇਮ (ਡਰੇਨ) ਉਪਰ ਵਸਦੇ ਕਈ ਪਰਵਾਸੀਆਂ ਜੋ ਕਿ ਕਬਾੜ ਦਾ ਕੰਮ ਕਰਦੇ ਹਨ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਵੀ ਕੀਤਾ ਹੈ ਪਰ ਤਰਾਸਦੀ ਇਹ ਹੈ ਕਿ ਅਜਿਹੇ ਲੋਕ ਦਿਨਾਂ ਵਿੱੱਚ ਹੀ ਜ਼ਮਾਨਤ ’ਤੇ ਆਉਣ ਉਪਰੰਤ ਦੁਬਾਰਾ ਆਪਣੇ ਧੰਦੇ ’ਚ ਜੁੱਟ ਜਾਂਦੇ ਹਨ। ਦੀਦਾਰ ਸਿੰਘ ਸਰਪੰਚ ਨੇ ਆਖਿਆ ਕਿ ਲੋਕਾਂ ਦੀ ਸੁਰੱਖਿਆ ਲਈ ਪਿੰਡਾਂ ’ਚ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਇੰਸਪੈਕਟਰ ਜਸਪਾਲ ਸਿੰਘ ਨੇ ਆਖਿਆ ਕਿ ਪੁਲੀਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ।