ਪੱਤਰ ਪ੍ਰੇਰਕ
ਬਨੂੜ, 8 ਸਤੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੁਰੜਾ ਵਿਚ ਪੰਚਾਇਤ ਵੱਲੋਂ ਕਰਾਏ ਸਮਾਗਮ ਦੌਰਾਨ ਐਲਾਨ ਕੀਤਾ ਕਿ ਇਸ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਮੁਹਾਲੀ ਦੀ ਏਅਰਪੋਰਟ ਰੋਡ ਨਾਲ ਜੋੜਨ ਵਾਲੀ ਤੰਗੌਰੀ-ਕੁਰੜਾ ਸੜਕ ਹੁਣ ਦਸ ਫੁੱਟ ਤੋਂ ਅਠਾਰਾਂ ਫੁੱਟ ਚੌੜੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਦੇ ਨਵੀਨੀਕਰਨ ਉੱਤੇ ਇੱਕ ਕਰੋੜ ਦੀ ਰਕਮ ਖ਼ਰਚ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਭਾਰੀ ਫ਼ਾਇਦਾ ਮਿਲੇਗਾ।
ਸ੍ਰੀ ਸਿੱਧੂ ਨੇ ਪਿੰਡ ਕੁਰੜਾ ਵਿੱਚ ਬਾਜ਼ੀਗਰ ਬਸਤੀ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ 12 ਲੱਖ ਰੁਪਏ ਦੀ ਗਰਾਂਟ ਦਿੱਤੀ ਤੇ ਗਲੀਆਂ ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਪਿੰਡ ਕੁਰੜਾ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਦਿੱਤੀ।ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ ਤੇ ਹੋਰ ਹਾਜ਼ਰ ਸਨ।