ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਗਸਤ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਰਸਾਤੀ ਮੌਸਮ ਵਿੱਚ ਸੂਬੇ ਭਰ ’ਚ ਨਵੇਂ ਬੂਟੇ ਨਾ ਲੱਗਣ ਕਾਰਨ ਪਿੰਡ ਹਰਿਆਲੀ ਲਈ ਤਰਸ ਰਹੇ ਹਨ। ਇਸ ਪਿੱਛੇ ਵੱਡਾ ਕਾਰਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਰਕੇ, ਉਨ੍ਹਾਂ ਦੇ ਹੜਤਾਲ ’ਤੇ ਚਲੇ ਜਾਣ ਨੂੰ ਮੰਨਿਆ ਜਾ ਰਿਹਾ ਹੈ। ਡੇਹਲੋਂ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਹੈ।
ਹਰ ਸਾਲ ਬਰਸਾਤੀ ਮੌਸਮ ਵਿੱਚ ਪਿੰਡਾਂ ’ਚ ਨਵੇਂ ਬੂਟੇ ਲਾਏ ਜਾਂਦੇ ਹਨ। ਇਸ ਵਾਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲੇ ਮੁਲਾਜ਼ਮਾਂ ਅਤੇ ਮਨਰੇਗਾ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ। ਸ਼ੰਕਰ ਪਿੰਡ ਦੇ ਸਰਪੰਚ ਰਣਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ 12,894 ਪਿੰਡ ਇਸ ਸਮੇਂ ਨਵੀਂ ਹਰਿਆਲੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੇਅ ਕਮਿਸ਼ਨ ਮੁਲਾਜ਼ਮਾਂ ਨੂੰ ਨਵੀਆਂ ਦਿੱਤੀਆਂ ਤਨਖਾਹਾਂ ਵਿੱਚ ਕੁੱਝ ਘਾਟਾ ਹੋਣ ਕਰਕੇ ਸੂਬੇ ਦੇ ਮੁਲਾਜ਼ਮਾਂ ਵੱਲੋਂ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਪਿੰਡਾਂ ਵਿੱਚ ਬੂਟੇ ਲਗਾਉਣ ਦਾ ਕੰਮ ਮਨਰੇਗਾ ਵਿਭਾਗ ਵੱਲੋਂ ਪੰਚਾਇਤ ਰਾਹੀਂ ਕੀਤਾ ਜਾਂਦਾ ਹੈ। ਸਰਪੰਚ ਮਹਿਮੀ ਅਤੇ ਸਰਪੰਚ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਮਨਰੇਗਾ ਮੁਲਾਜ਼ਮਾਂ ਨੂੰ ਠੇਕੇ ਦੇ ਮਾਮੂਲੀ ਪੈਸੇ ਮਿਲਦੇ ਹਨ, ਜੋ ਮਹਿੰਗਾਈ ਦੇ ਦੌਰ ਵਿੱਚ ਬਹੁਤ ਘੱਟ ਹੈ। ਇਸ ਕਰਕੇ ਮਨਰੇਗਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਰੋੋਸ ਪ੍ਰਗਟਾਅ ਰਹੇ ਹਨ। ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਵਿੱਚ ਖੜ੍ਹੋਤ ਆ ਗਈ ਹੈ। ਸਰਪੰਚ ਰਾਜਵੀਰ ਚੁੱਪਕੀ, ਸਰਪੰਚ ਬਿੱਟੂ ਪਹੀੜ, ਸਰਪੰਚ ਅਮਨ ਬੂਲ, ਸਰਪੰਚ ਜੱਗਾ ਭੁੱਟਾ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵਿਕਾਸ ਕਾਰਜ ਅਤੇ ਨਵੇਂ ਬੂਟੇ ਲਗਾਉਣ ਦਾ ਪ੍ਰੋਗਰਾਮ ਜਾਰੀ ਰੱਖਣ ਲਈ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਮੰਨੇ। ਉਨ੍ਹਾਂ ਕਿਹਾ ਕਿ ਕੋਵਿਡ-19 ਕਰਕੇ ਆਕਸੀਜਨ ਦੀ ਬਹੁਤ ਲੋੜ ਹੈ, ਜੇਕਰ ਕੁਝ ਦਿਨ ਹੋਰ ਬੂਟੇ ਲਗਾਉਣ ਵਿੱਚ ਦੇਰੀ ਹੋਈ ਤਾਂ ਫਿਰ ਗੱਲ ਅਗਲੇ ਸਾਲ ਤੱਕ ਅੱਗੇ ਪੈ ਜਾਣੀ ਹੈ।