ਮੰਗਲੌਰ, 13 ਅਪਰੈਲ
ਕਰਨਾਟਕ ‘ਚ ਠੇਕੇਦਾਰ ਦੀ ਮੌਤ ਕਾਰਨ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇਐੱਸ ਈਸ਼ਵਰੱਪਾ ਖ਼ਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀ ਨੇ ਦੱਸਿਆ ਕਿ ਈਸ਼ਵਰੱਪਾ ਨੂੰ ਇਸ ਮਾਮਲੇ ਵਿੱਚ ਪਹਿਲਾ ਮੁਲਜ਼ਮ ਬਣਾਇਆ ਗਿਆ ਹੈ। ਠੇਕੇਦਾਰ ਸੰਤੋਸ਼ ਪਾਟਿਲ ਉਡੁਪੀ ਦੇ ਹੋਟਲ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਪੁਲੀਸ ਨੇ ਮ੍ਰਿਤਕ ਦੇ ਭਰਾ ਪ੍ਰਸ਼ਾਂਤ ਪਾਟਿਲ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਸਾਲ 2020-21 ਵਿੱਚ ਹਿੰਡਾਲਗਾ ਪਿੰਡ ਦੇ ਵਸਨੀਕ ਰਾਜ ਦੀ ਰਾਜਧਾਨੀ ਵਿੱਚ ਈਸ਼ਵਰੱਪਾ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਪਾਣੀ ਦੇ ਨਿਕਾਸ ਲਈ ਨਾਲੀਆਂ, ਸੜਕਾਂ ਅਤੇ ਫੁੱਟਪਾਥ ਬਣਾਉਣ ਦੀ ਬੇਨਤੀ ਕੀਤੀ ਸੀ। ਪਾਟਿਲ ਨੇ ਅੱਗੇ ਕਿਹਾ ਕਿ ਈਸ਼ਵਰੱਪਾ ਨੇ ਬਜਟ ਦੀ ਚਿੰਤਾ ਕੀਤੇ ਬਿਨਾਂ ਇਸ ਕੰਮ ਦੀ ਇਜਾਜ਼ਤ ਦਿੱਤੀ। ਇਸ ਕੰਮ ਦਾ ਠੇਕਾ ਠੇਕੇਦਾਰ ਸੰਤੋਸ਼ ਪਾਟਿਲ ਨੂੰ ਦਿੱਤਾ ਗਿਆ ਸੀ। ਸ਼ਿਕਾਇਤ ‘ਚ ਪ੍ਰਸ਼ਾਂਤ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਭਰਾ ਸੰਤੋਸ਼ ਪਾਟਿਲ ਨੇ ਇਸ ਪ੍ਰਾਜੈਕਟ ‘ਚ 4 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਉਸ ਦਾ ਬਿੱਲ ਅਜੇ ਬਕਾਇਆ ਹੈ। ਉਸ ਨੇ ਦੋਸ਼ ਲਾਇਆ ਕਿ ਸੰਤੋਸ਼ ਨੇ ਮੰਤਰੀ ਈਸ਼ਵਰੱਪਾ ਨੂੰ ਕਈ ਵਾਰ ਮਿਲ ਕੇ ਬਿੱਲ ਨੂੰ ਮਨਜ਼ੂਰੀ ਦੇਣ ਅਤੇ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ ਸੀ ਪਰ ਈਸ਼ਵਰੱਪਾ ਦੇ ਕਰੀਬੀ ਬਸਵਰਾਜ ਅਤੇ ਰਮੇਸ਼ ਉਸ ਤੋਂ 40 ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ।