ਨਿਰੰਜਣ ਬੋਹਾ
ਬੋਹਾ, 7 ਨਵੰਬਰ
ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਦਾ ਲਾਭ ਲੈਂਦੇ ਰਹੇ ਬਹੁਤ ਸਾਰੇ ਪੈਨਸ਼ਨ ਧਾਰਕ ਹੁਣ ਸਮਾਜ ਸੁਰੱਖਿਆ ਤੇ ਭਲਾਈ ਵਿਭਾਗ ਵੱਲੋਂ ਭੇਜੇ ਪੈਨਸ਼ਨ ਵਸੂਲੀ ਦੇ ਨੋਟਿਸ ਮਿਲਣ ਕਾਰਨ ਪ੍ਰੇਸ਼ਾਨ ਹਨ। ਬੋਹਾ ਖੇਤਰ ਦੇ ਕਈ ਪਿੰਡਾਂ ਵਿਚ ਪੈਨਸ਼ਨ ਧਾਰਕਾਂ ਨੂੰ ਅਜਿਹੇ ਨੋਟਿਸ ਮਿਲਣ ਦੇ ਸਮਾਚਾਰ ਹਨ।
ਪਿੰਡ ਅੱਕਾਂਵਾਲੀ ਵਿੱਚ ਪੈਨਸ਼ਨ ਲੈਂਦੇ ਰਹੇ ਸੁਖਦੇਵ ਸਿੰਘ ਪੁੱਤਰ ਮੱਘਰ ਸਿੰਘ ਤੇ ਗੁਰਜੰਟ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਆਪਣੀ ਪੈਨਸ਼ਨ ਕੱਟੇ ਜਾਣ ’ਤੇ ਰਿਕਵਰੀ ਨੋਟਿਸ ਆਉਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਗਰੀਬ ਤੇ ਲੋੜਵੰਦ ਹਨ, ਪਰ ਸਰਕਾਰ ਨੇ ਨਾ ਸਿਰਫ਼ ਉਨ੍ਹਾਂ ਦੀ ਪੈਨਸ਼ਨ ਕੱਟ ਦਿੱਤੀ, ਸਗੋਂ ਵੱਡੀ ਰਕਮ ਦੇ ਰਿਕਵਰੀ ਨੋਟਿਸ ਵੀ ਭੇਜੇ ਹਨ।
ਉਨ੍ਹਾਂ ਕਿਹਾ ਕਿ ਉਹ ਰਿਕਵਰੀ ਰਕਮ ਭਰਨ ਦੇ ਯੋਗ ਨਹੀਂ ਹਨ। ਆਈ.ਡੀ.ਪੀ ਦੇ ਆਗੂ ਗੁਰਮੇਲ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਨੇ ਘੱਟ ਉਮਰ, ਵੱਧ ਆਮਦਨ , ਦੂਜਾ ਵਿਆਹ ਤੇ ਵੱਧ ਜ਼ਮੀਨ ਦੇ ਇਤਰਾਜ਼ ਲਾ ਕੇ ਬਹੁਤ ਸਾਰੇ ਲੋੜਵੰਦਾਂ ਦੀਆਂ ਪੈਨਸ਼ਨਾਂ ਕੱਟ ਦਿੱਤੀਆਂ ਹਨ ਤੇ ਹੁਣ ਉਨ੍ਹਾਂ ਨੂੰ 420 ਦਾ ਕੇਸ ਕਰਨ ਦਾ ਡਰਾਵਾ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਰਾਸਰ ਗ਼ਲਤ ਹੈ। ਸਮਾਜ ਸੇਵੀ ਭੋਲਾ ਸਿੰਘ ਨੇ ਕੱਟੀਆਂ ਪੈਨਸ਼ਨਾਂ ਬਹਾਲ ਕਰਨ ਅਤੇ ਰਿਕਵਰੀ ਨੋਟਿਸ ਵਪਸ ਲੈਣ ਦੀ ਮੰਗ ਕੀਤੀ ਹੈ।