ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਜਨਵਰੀ
ਜਜਪਾ ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਕਿਹਾ ਕਿ ਪਹਿਲਾਂ ਆਮ ਤੌਰ ’ਤੇ ਕੌਮੀ ਮਾਰਗ ਹਮੇਸ਼ਾ ਉੱਤਰ ਤੋਂ ਦੱਖਣ ਵੱਲ ਬਣਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਪੂਰਬ ਤੋਂ ਪੱਛਮ ਵੱਲ ਭਾਵ ਪਾਣੀਪੱਤ ਤੋਂ ਡੱਬਵਾਲੀ ਤੱਕ ਨਵਾਂ ਰਾਜ ਮਾਰਗ ਬਣਾਵੇਗੀ। ਦਿਗਵਿਜੈ ਚੌਟਾਲਾ ਨੇ ਅੱਜ ਹਰਿਆਣਾ ਦੇ ਮੰਤਰੀ ਅਨੂਪ ਧਾਣਕ ਨਾਲ ਔਢਾਂ, ਚੋਰਮਾਰ, ਪੰਨੀਵਾਲਾ ਰੁਲਦੂ, ਅਸੀਰ, ਚੱਠਾ, ਦੇਸੂਜੋਧਾਂ, ਖੁਈਆਂ ਮਲਕਾਣਾ, ਮਟਦਾਦੂ ਅਤੇ ਝੁੱਟੀਖੇੜਾ ਸਣੇ ਲਗਪਗ ਦਰਜਨ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਈ ਮਸਲਿਆਂ ਨੂੰ ਹੱਲ ਕਰਨ ਸਬੰਧੀ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਸਾ ਖੇਤਰ ਵਿੱਚ ਪੂਰਬ-ਪੱਛਮ ਕੌਮੀ ਮਾਰਗ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਸੀ, ਪਰ ਦੁਸ਼ਯੰਤ ਚੌਟਾਲਾ ਨੇ ਇਹ ਮਾਰਗ ਮਨਜ਼ੂਰ ਵੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਹਾਈਵੇ ਹੋਵੇਗਾ, ਜਿਹੜਾ ਪੂਰਬ ਅਤੇ ਪੱਛਮ ਨੂੰ ਜੋੜੇਗਾ। ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪੰਚਾਇਤਾਂ ’ਚ ਔਰਤਾਂ ਨੂੰ 50 ਤੇ ਪੱਛੜੇ ਵਰਗ ਨੂੰ 8 ਫ਼ੀਸਦ ਰਾਖਵਾਂਕਰਨ ਦਾ ਫ਼ੈਸਲਾ ਲਾਗੂ ਕਰਵਾਇਆ ਹੈ। ਉਨ੍ਹਾਂ ਹਲਕੇ ਦੇ ਬਹੁਪੱਖੀ ਵਿਕਾਸ ਲਈ ਦੁਸ਼ਯੰਤ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮਸੀਤਾਂ, ਰਣਵੀਰ ਰਾਣਾ, ਰਣਦੀਪ ਮੱਟਦਾਦੂ, ਰਾਧੇਸ਼ਿਆਮ ਸ਼ਰਮਾ, ਹਰੀ ਸਿੰਘ, ਸੁਖਮੰਦਰ ਸਿਹਾਗ, ਜਗਰੂਪ ਸਿੰਘ ਸਕਤਾਖੇੜਾ, ਗੁਰਪਾਲ ਗੰਗਾ, ਜਗਸੀਰ ਮਾਂਗੇਆਣਾ, ਵਿਪਨ ਮੋਂਗਾ ਤੇ ਮਨਜੀਤ ਸਰਪੰਚ ਸਣੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹਨ।