ਨਵਕਿਰਨ ਸਿੰਘ
ਮਹਿਲ ਕਲਾਂ, 28 ਅਕਤੂਬਰ
ਮਗਨਰੇਗਾ ਮਜ਼ਦੂਰਾਂ ਵੱਲੋਂ ਪਿੰਡ ਚੰਨਣਵਾਲ ਸਮੇਤ ਬਲਾਕ ਦੇ ਪਿੰਡਾਂ ’ਚ ਬੰਦ ਪਏ ਕੰਮ ਸ਼ੁਰੂ ਕਰਵਾਉਣ ਲਈ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੇ ਕੰਮ ਦੀ ਮੰਗ ਕੀਤੀ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ ਅਤੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰ ਪੱਖੀ ਸਕੀਮਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਮਸ਼ੀਨੀਕਰਨ ਦੇ ਇਸ ਦੌਰ ‘ਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਮਜ਼ਦੂਰ ਵਰਗ ਆਰਥਿਕ ਮੰਦਹਾਲੀ ਕਾਰਨ ਭੁੱਖਮਰੀ ਵੱਲ ਜਾ ਰਿਹਾ ਹੈ ਪਰ ਸਰਕਾਰ ਮਜਦੂਰਾਂ ਦੇ ਰੁਜ਼ਗਾਰ ਦਾ ਇੱਕਮਾਤਰ ਸਹਾਰਾ ਮਗਨਰੇਗਾ ਤਹਿਤ ਹੀ ਕੰਮ ਦੇਣ ਤੋਂ ਇਨਕਾਰੀ ਹੈ।
ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਨੇ ਧਰਨੇ ਵਿੱਚ ਪੁੱਜ ਕਿ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਗਲਵਾਰ ਤੱਕ ਮਜ਼ਦੂਰਾਂ ਦੇ ਐਸਟੀਮੇਟ ਪਾਸ ਕਰਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।