ਹਰਜੀਤ ਸਿੰਘ
ਜ਼ੀਰਕਪੁਰ, 12 ਮਈ
ਪੰਚਕੂਲਾ ਤੋਂ ਛਪਦੇ ਹਿੰਦੀ ਅਖ਼ਬਾਰ ਦੇ ਪੱਤਰਕਾਰ ਆਲੋਕ ਵਰਮਾ ਵਾਸੀ ਜ਼ੀਰਕਪੁਰ ’ਤੇ ਹਮਲਾ ਕਰਨ ਅਤੇ ਲੁੱਟਣ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿੱਚੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੂਗਨ ਗਰਗ ਉਰਫ਼ ਗਗਨ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੁਲੀਸ ਨੇ ਘਟਨਾ ਲਈ ਵਰਤਿਆ ਐਕਟੀਵਾ ਸਕੂਟਰ ਤੇ ਲੁੱਟ ਦੀ ਇਕ ਹਜ਼ਾਰ ਰੁਪਏ ਦੀ ਰਾਸ਼ੀ ਵਿੱਚੋਂ 350 ਰੁਪਏ ਬਰਾਮਦ ਕਰ ਲਏ ਹਨ।
ਡੀਐੱਸਪੀ ਐੱਨ.ਐਸ. ਮਾਹਲ ਅਤੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਬਰਾੜ ਨੇ ਦੱਸਿਆ ਕਿ ਲੰਘੀ 3-4 ਮਈ ਦੀ ਦਰਮਿਆਨੀ ਰਾਤ ਨੂੰ ਪੱਤਰਕਾਰ ਡਿਊਟੀ ਖ਼ਤਮ ਕਰ ਕੇ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਗੰਗਾ ਨਰਸਰੀ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਐਕਟੀਵਾ ’ਤੇ ਆਏ ਦੋ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਉਸ ਦਾ ਮੋਬਾਈਲ ਫੋਨ ਅਤੇ ਇਕ ਹਜ਼ਾਰ ਰੁਪਏ ਖੋਹ ਲਏ ਤੇ ਫ਼ਰਾਰ ਹੋ ਗਏ। ਪੱਤਰਕਾਰ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਿਆ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੇ ਸਿਰ ਵਿੱਚ 26 ਟਾਂਕੇ ਲੱਗੇ।
ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਕੇਸ: ਡੀਐੱਸਪੀ ਐੱਨ.ਐੱਸ. ਮਾਹਲ ਨੇ ਦੱਸਿਆ ਕਿ ਗੂਗਨ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਸ ਦੇ ਸਾਥੀ ਦੀ ਪੁਲੀਸ ਭਾਲ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ।