ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਭਾਜਪਾ ਦੀ ‘ਬੁਲਡੋਜ਼ਰ ਰਾਜਨੀਤੀ’ ਨੂੰ ਕੋਝੀ ਨਫ਼ਰਤ ਮੁਹਿੰਮ ਕਰਾਰ ਦਿੰਦਿਆਂ ਭਾਜਪਾ ਸਰਕਾਰਾਂ ਵਿਰੁੱਧ ਜੰਤਰ-ਮੰਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਹਾਲ ਹੀ ਦੇ ਦਿਨਾਂ ਵਿੱਚ ਬਰਾਬਰ ਦੀ ਨਾਗਰਿਕਤਾ ਦੀ ਆਵਾਜ਼ ਬੁਲੰਦ ਕਰਨ ਵਾਲੀ ਕਾਰਕੁਨ ਆਫਰੀਨ ਫਾਤਿਮਾ ਦੇ ਘਰ ਨੂੰ ਗੈਰਕਾਨੂੰਨੀ ਤੌਰ ’ਤੇ ਢਾਹੇ ਜਾਣ ਅਤੇ ਰਾਂਚੀ ਵਿੱਚ ਆਰਐੱਸਐੱਸ ਵੱਲੋਂ ਪੈਦਾ ਕੀਤੇ ਗਏ ਫਿਰਕੂ ਤਣਾਅ, ਝਾਰਖੰਡ ਪੁਲੀਸ ਵੱਲੋਂ ਮੁਸਲਿਮ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਖ਼ਿਲਾਫ਼ ਅੱਜ ਇੱਥੇ ਰੋਸ ਪ੍ਰਗਟਾਇਆ ਗਿਆ।
ਜੰਤਰ-ਮੰਤਰ ’ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਭਾਜਪਾ-ਆਰਐੱੱਸਐੱਸ ਦੀ ਬੁਲਡੋਜ਼ਰ ਰਾਜਨੀਤੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਵਿਚ ਕਈ ਵਿਦਿਆਰਥੀ ਜਥੇਬੰਦੀਆਂ, ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ ਨੇ ਹਿੱਸਾ ਲਿਆ। ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਵਿੱਚੋਂ ਕਈਆਂ ਨੂੰ ਹਿਰਾਸਤ ਵਿਚ ਲੈ ਲਿਆ ਪਰ ਇਸ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਰੋਸ ਮੁਜ਼ਾਹਰੇ ‘ਚ ਦਿੱਲੀ ਦੇ ਵਿਦਿਆਰਥੀ ਆਗੂ ਅਭਿਗਿਆਨ ਨੇ ਕਿਹਾ ਕਿ ਭਾਜਪਾ ਸਮਾਜ ਵਿੱਚ ਜ਼ਹਿਰ ਪੈਦਾ ਕਰਨਾ ਚਾਹੁੰਦੀ ਹੈ। ਬੁਲਡੋਜ਼ਰ ਦਾ ਇਹ ਤਮਾਸ਼ਾ ਲੋਕਾਂ ਦੀ ਏਕਤਾ ਨਾਲ ਹਰਾਇਆ ਜਾਵੇਗਾ। ਉਹ ਬਹੁਗਿਣਤੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਵੀ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਏਆਈਐੱਸਏ ਦੇ ਕਾਰਜਕਾਰੀ ਜਨਰਲ ਸਕੱਤਰ ਪ੍ਰਸੇਨਜੀਤ ਨੇ ਕਿਹਾ ਕਿ ਏਆਈਐੱਸਏ ਆਫਰੀਨ ਦੇ ਪਰਿਵਾਰ ਨਾਲ ਪੂਰੀ ਏਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਸ ਵਰਗੇ ਕਈ ਮੁਸਲਿਮ ਪਰਿਵਾਰਾਂ ਦੇ ਘਰਾਂ ਨੂੰ ਢਾਹੇ ਜਾਣ ਦੀ ਨਿੰਦਾ ਕਰਦਾ ਹੈ। ਪ੍ਰਦਰਸ਼ਨ ਕਰਦੇ ਲੋਕਾਂ ਨੇ ਰਾਂਚੀ ਵਿੱਚ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਤੇ ਭਾਜਪਾ ਆਰਐੱਸਐੱਸ ਦੀ ਆਲੋਚਨਾ ਸਬੰਧੀ ਸਤਰਾਂ ਲਿਖੀਆਂ ਹੋਈਆਂ ਸਨ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਭਾਜਪਾ ਤੇ ਆਰਐੱਸਐੱਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਯੂਪੀ ਸਰਕਾਰ ਦੀ ਨਿੰਦਾ ਕੀਤੀ। ਕੇਵਾਈਐੱਸ, ਐੱਸਐੱਫਆਈ ਦੇ ਕਾਰਕੁਨਾਂ ਨੇ ਇਸ ਦੌਰਾਨ ਗ੍ਰਿਫ਼ਤਾਰੀਆਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ‘ਮੁਸਲਿਮ ਜ਼ਿੰਦਗੀਆਂ ਨੂੰ ਬੁਲਡੋਜ਼ਰ ਨਾਲ ਉਜਾੜਨਾ ਬੰਦ ਕਰੋ!’ ‘ਸ਼ਾਂਤੀ ਬਣਾਈ ਰੱਖੋ! ਭਾਜਪਾ ਦੇ ਪਾਖੰਡੀ ਸ਼ਾਸਨ ਨੂੰ ਹਰਾਓ!’ ਦੇ ਨਾਹਰੇ ਵੀ ਲਾਏ ਗਏ। ਜਦੋਂ ਪੁਲੀਸ ਨੇ ਕੁਝ ਧਰਨਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਰਨਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਭਾਜਪਾ-ਆਰਐੱਸਐੱਸ ਦੀ ਬੁਲਡੋਜ਼ਰ ਰਾਜਨੀਤੀ ਨੂੰ ਪਿੱਛੇ ਧੱਕਣ ਤੇ ਹਰਾਉਣ ਦੇ ਸੰਕਲਪ ਨਾਲ ਧਰਨਾ ਸਮਾਪਤ ਹੋਇਆ।
ਜੇਐੱਨਯੂਐੱਸਯੂ ਦੇ ਕਰਕੁਨਾਂ ਵੱਲੋਂ ਯੂਪੀ ਸਦਨ ਦੇ ਅੱਗੇ ਮੁਜ਼ਾਹਰਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐਨਯੂਐਸਯੂ) ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਾਰਕੁਨ ਤੇ ਜੇਐੱਨਯੂ ਦੀ ਸਾਬਕਾ ਵਿਦਿਆਰਥੀ ਆਫਰੀਨ ਫਾਤਿਮਾ ਦੇ ਘਰ ਨੂੰ ਢਾਹੇ ਜਾਣ ਦੇ ਵਿਰੁੱਧ ਯੂਪੀ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। ਬੀਤੀ ਸ਼ਾਮ ਵੀ ਜੇਐੱੱਨਯੂ ਕੈਂਪਸ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜੇਐੱਨਯੂ ਦੇ ਵਿਦਿਆਰਥੀਆਂ ਨੇ ਅੱਜ ਪਹਿਲਾਂ ਯੂਪੀ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। ਜਾਵੇਦ ਅਹਿਮਦ ਦੀ ਧੀ ਆਫਰੀਨ ਫਾਤਿਮਾ ਜੋ ਕਿ ਜੇਐੱਨਯੂ ਦੀ ਸਾਬਕਾ ਵਿਦਿਆਰਥੀ ਤੇ ਆਗੂ ਹੈ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਜੇਐੱਨਯੂਐੱਸਯੂ ਦੇ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੀ ਅਗਵਾਈ ਵਾਲੀ ਸਰਕਾਰ ਦੇ ‘ਬੁਲਡੋਜ਼ਰ ਰਾਜ’ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਹਿੰਸਾ ਦੇ ਮੁੱਖ ਮੁਲਜ਼ਮ ਦੇ ਘਰ ‘ਤੇ ਬੁਲਡੋਜ਼ਰ ਚਲਾਏ ਜਾਣ ਤੋਂ ਬਾਅਦ ਜੇਐੱਨਯੂ ਦੇ ਵਿਦਿਆਰਥੀ ਯੂਪੀ ਸਰਕਾਰ ਦੇ ਖਿਲਾਫ ਸੜਕਾਂ ’ਤੇ ਉਤਰ ਆਏ ਹਨ। ਉਨ੍ਹਾਂ ਦਿੱਲੀ ਵਿੱਚ ਯੂਪੀ ਭਵਨ ਨੇੜੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਤੋਂ ਕੁਝ ਦੇਰ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਵਿਦਿਆਰਥੀਆਂ ਨੇ ‘ਭਾਈਚਾਰਾ ਅੰਦੋਲਨ’ ਦਾ ਪੋਸਟਰ ਫੜਿਆ ਹੋਇਆ ਸੀ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਿਦਿਆਰਥਣ ਲਦੀਦਾ ਫਰਜ਼ਾਨਾ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਇਸ ਵਿਦਿਆਰਥਣ ਨੇ ਸੀਏਏ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਯੂਪੀ ਸਰਕਾਰ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਬੁਲਡੋਜ਼ਰ ਚਲਾ ਰਹੀ ਹੈ।