ਜੈਸਮੀਨ ਭਾਰਦਵਾਜ
ਨਾਭਾ, 7 ਨਵੰਬਰ
ਇੱਥੇ ਟਰੱਕ ਯੂਨੀਅਨ ਨੇੜੇ ਸ਼ਹਿਰ ਦਾ ਕੂੜਾ ਇਕੱਤਰ ਕਰਨ ਵਾਲੀ ਥਾਂ ’ਤੇ ਬਣੇ ਡੰਪ ਯਾਰਡ ਵਿੱਚ ਲੱਗੀ ਅੱਗ ਕਾਰਨ ਹੋਏ ਹਵਾ ਪ੍ਰਦੂਸ਼ਣ ਨਾਲ ਲੋਕ ਬੇਹਾਲ ਹੋਏ ਪਏ ਹਨ।
ਇੱਥੋਂ ਨਜ਼ਦੀਕ ਪੈਂਦੇ ਦੁਲੱਦੀ ਗੇਟ ਦੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਡੰਪ ਯਾਰਡ ਵਿੱਚ ਲੱਗੀ ਅੱਗ ਕਾਰਨ ਪਿਛਲੀ ਰਾਤ ਤੋਂ ਹੀ ਸੰਘਣੇ ਧੂੰਏਂ ਕਰ ਕੇ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਸ਼ਹਿਰ ਵਾਸੀ ਭਵਿਸ਼ਿਆ ਬੰਸਲ ਨੇ ਦੱਸਿਆ ਕਿ ਲੋਕ ਪਹਿਲਾਂ ਇਸ ਨੂੰ ਪਰਾਲੀ ਦਾ ਧੂੰਆਂ ਸਮਝ ਰਹੇ ਸਨ ਪਰ ਇਹ ਧੂੰਆਂ ਕਾਫੀ ਸੰਘਣਾ ਹੋਣ ਕਰ ਕੇ ਲੋਕਾਂ ਨੇ ਪੜਤਾਲ ਕੀਤੀ ਤਾਂ ਸਵੇਰੇ ਪਤਾ ਲੱਗਿਆ ਕਿ ਇਹ ਕੂੜੇ ਦੇ ਵੱਡੇ ਢੇਰ ’ਚ ਲੱਗੀ ਅੱਗ ’ਚੋਂ ਉੱਠ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੂੜੇ ਵਿਚ ਪਲਾਸਟਿਕ ਦੀ ਮਾਤਰਾ ਵੱਧ ਹੋਣ ਕਰਕੇ ਕੂੜੇ ਦੇ ਢੇਰਾਂ ਨੂੰ ਅੱਗ ਲਾਉਣ ’ਤੇ ਕੌਮੀ ਗਰੀਨ ਟ੍ਰਿਬਿਊਨਲ ਨੇ ਰੋਕ ਲਗਾਈ ਹੋਈ ਹੈ। ਸ਼ਹਿਰ ਵਿੱਚੋਂ ਹਰ ਰੋਜ਼ ਲਗਪਗ 25 ਟਨ ਕੂੜਾ ਇਸ ਡੰਪ ਯਾਰਡ ਵਿੱਚ ਪਹੁੰਚਦਾ ਹੈ। ਇਸ ਕੂੜੇ ਵਿੱਚ ਲਗਾਤਾਰ ਲੱਗੀ ਅੱਗ ਕਾਰਨ ਡੰਪ ਯਾਰਡ ਨੇੜੇ ਨਾਭਾ ਮਾਲੇਰਕੋਟਲਾ ਸੜਕ ’ਤੇ ਟਰੈਫਿਕ ਵੀ ਪ੍ਰਭਾਵਿਤ ਹੁੰਦਾ ਰਿਹਾ।
ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਨਾਭਾ ਪ੍ਰਸ਼ਾਸਨ ਤੋਂ ਇਸ ਸਬੰਧੀ ਜਵਾਬ ਤਲਬੀ ਵੀ ਕੀਤੀ। ਨਾਭਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਇਸ ਅੱਗ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਕਰ ਕੇ ਰਿਪੋਰਟ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ’ਤੇ ਪ੍ਰਦੂਸ਼ਣ ਰੋਕਥਾਮ ਐਕਟ ਦੀ ਧਾਰਾ ਅਨੁਸਾਰ ਅਪਰਾਧਿਕ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।