ਅੰਬਿਕਾ ਸ਼ਰਮਾ
ਸੋਲਨ, 12 ਮਈ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਪੈਂਦੇ ਪਾਉਂਟਾ ਸਾਹਿਬ ’ਚ ਲੰਘੀ ਦੇਰ ਰਾਤ ਯਮੁਨਾ ਨਦੀ ਕੰਢੇ ਉੱਤਰਾਖੰਡ ਨਾਲ ਸਬੰਧਤ ਖਣਨ ਮਾਫੀਆ ਵੱਲੋਂ ਜਿੱਥੇ ਖਣਨ ਵਿਭਾਗ ਦੇ ਇਕ ਸਹਾਇਕ ਇੰਸਪੈਕਟਰ ਨੂੰ ਅਗਵਾ ਕਰ ਲਿਆ ਗਿਆ ਉੱਥੇ ਹੀ ਪੁਲੀਸ ਦੇ ਇਕ ਸਿਪਾਹੀ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ।
ਇਹ ਘਟਨਾ ਤੜਕੇ 1.20 ਵਜੇ ਮਾਨਪੁਰ ਦੇਵੜਾ ਵਿੱਚ ਵਾਪਰੀ। ਸਹਾਇਕ ਇੰਸਪੈਕਟਰ ਹਾਲਾਂਕਿ ਕਰੀਬ ਅੱਧੇ ਘੰਟੇ ਬਾਅਦ ਸਹੀ-ਸਲਾਮਤ ਪਰਤ ਆਇਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਖਣਨ ਵਿਭਾਗ ਦਾ ਅਮਲਾ ਪੁਲੀਸ ਦੀ ਇਕ ਇਕ ਟੀਮ ਦੇ ਨਾਲ ਮਿਲ ਕੇ ਉੱਤਰਾਖੰਡ-ਹਿਮਾਚਲ ਸੀਮਾ ਨੇੜੇ ਕਰੱਸ਼ਰ ਜ਼ੋਨ ਤੋਂ ਯਮੁਨਾ ਨਦੀ ਦੇ ਪਾੜ ਵੱਲ ਜਾਂਦੇ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਗਰੈਵਲ ਲੈ ਕੇ ਜਾ ਰਹੇ ਦੋ ਟਰੱਕਾਂ ਨੂੰ ਖਣਨ ਵਿਭਾਗ ਦੇ ਅਧਿਕਾਰੀਆਂ ਨੇ ਰੋਕ ਕੇ ਚਾਲਕਾਂ ਨੂੰ ‘ਐੱਮ’ ਫਾਰਮ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕੋਲ ਇਹ ਫਾਰਮ ਨਹੀਂ ਸਨ। ਸਿਪਾਹੀ ਦਲੀਪ ਕੁਮਾਰ ਤੇ ਖਣਨ ਵਿਭਾਗ ਦੇ ਇੰਸਪੈਕਟਰ ਰਾਜੇਸ਼ ਕੁਮਾਰ ਦੇ ਨਾਲ ਦੋਵੇਂ ਵਾਹਨਾਂ ਨੂੰ ਮਾਨਪੁਰ ਦੇਵੜਾ ਭੇਜਿਆ ਗਿਆ।
ਉਪਰੰਤ ਵਿਭਾਗ ਦੀ ਟੀਮ ਜਦੋਂ ਇਕ ਹੋਰ ਟਰੱਕ ਚਾਲਕ ਕੋਲੋਂ ਪੁੱਛਗਿਛ ਕਰ ਰਹੀ ਸੀ ਤਾਂ ਉੱਤਰਾਖੰਡ ਵੱਲੋਂ ਇਕ ਸਫ਼ੈਦ ਰੰਗ ਦੀ ਸਕਾਰਪੀਓ ਗੱਡੀ ਉਨ੍ਹਾਂ ਵੱਲ ਆਈ। ਅਚਾਨਕ ਸੱਤ ਤੋਂ ਅੱਠ ਵਿਅਕਤੀ ਆ ਗਏ। ਉਹ ਖਣਨ ਵਿਭਾਗ ਦੀ ਟੀਮ ਨਾਲ ਬਹਿਸਣ ਲੱਗ ਪਏ ਤਾਂ ਜੋ ਟਰੱਕ ਚਾਲਕ ਭੱਜ ਸਕਣ। ਉਕਤ ਵਿਅਕਤੀਆਂ ਨੇ ਟੀਮ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਨੇ ਜਬਰੀ ਸਹਾਇਕ ਖਣਨ ਇੰਸਪੈਕਟਰ ਸੰਜੀਵ ਕੁਮਾਰ ਨੂੰ ਧੂਹ ਕੇ ਸਕਾਰਪੀਓ ਵਿੱਚ ਪਾ ਲਿਆ। ਉਨ੍ਹਾਂ ਵਿਅਕਤੀਆਂ ਨੇ ਸਿਪਾਹੀ ਵਿਕਰਮਜੀਤ ਕੋਲੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਹੱਥੋਪਾਈ ਵਿੱਚ ਸਿਪਾਹੀ ਵਿਕਰਮਜੀਤ ਜ਼ਖ਼ਮੀ ਹੋ ਗਿਆ। ਖਣਨ ਇੰਸਪੈਕਟਰ ਨੀਰਜ ਸ਼ਰਮਾ ਵੱਲੋਂ ਹਮਲਾਵਰਾਂ ’ਚੋਂ ਇਕ ਵਿਅਕਤੀ ਦੀ ਪਛਾਣ ਮਾੜੂ ਚੌਧਰੀ, ਢਾਲਪੁਰ (ਉੱਤਰਾਖੰਡ) ਵਜੋਂ ਕੀਤੀ ਗਈ। ਖਣਨ ਇੰਸਪੈਕਟਰ ਨੇ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸਿਰਮੌਰ ਦੇ ਖਣਨ ਅਧਿਕਾਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਸਹਾਇਕ ਖਣਨ ਇੰਸਪੈਕਟਰ ਦਾ ਮੋਬਾਈਲ ਫੋਨ ਕੁਝ ਦੇਰ ਲਈ ਬੰਦ ਹੋ ਗਿਆ ਸੀ।