ਮਹਾਰਾਸ਼ਟਰ: ਦੇਸ਼ ਭਰ ਵਿਚ ਕੋਵਿਡ-19 ਵਿਰੋਧੀ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਨੂੰ ਦਸ ਮਹੀਨੇ ਬੀਤਣ ਤੋਂ ਬਾਅਦ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਸਕੱਤਰ ਦੇਬਾਸ਼ੀਸ਼ ਚੱਕਰਬਰਤੀ ਨੇ ਹੁਣ ਜਾ ਕੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ। ਇਹ ਜਾਣਕਾਰੀ ਅੱਜ ਇਕ ਸਿਹਤ ਅਧਿਕਾਰੀ ਨੇ ਦਿੱਤੀ। 59 ਸਾਲਾ ਇਸ ਨੌਕਰਸ਼ਾਹ ਨੇ ਕਰੋਨਾ ਵਿਰੋਧੀ ਵੈਕਸੀਨ ਦੀ ਪਹਿਲੀ ਡੋਜ਼ ਵੀਰਵਾਰ ਨੂੰ ਲਗਵਾਈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਚੱਕਰਬਰਤੀ ਨੇ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਦਸ ਮਹੀਨੇ ਬਾਅਦ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਸਬੰਧੀ ਆਪਣੇ ਕਦਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ਹਾਲਾਂਕਿ, ਉਨ੍ਹਾਂ ਨੂੰ ਵੈਕਸੀਨ ਲਗਵਾਉਣ ਤੋਂ ਕੋਈ ਪ੍ਰਹੇਜ਼ ਨਹੀਂ ਸੀ, ਬਲਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ ਅਤੇ ਉਹ ਆਪਣੀ ਇੱਛਾ ਅਨੁਸਾਰ ਜਦੋਂ ਚਾਹੁਣ ਵੈਕਸੀਨ ਲਗਵਾ ਸਕਦੇ ਹਨ। ਸਿਹਤ ਅਧਿਕਾਰੀ ਨੇ ਕਿਹਾ ਕਿ ਇਸ ਆਈਏਐੱਸ ਅਧਿਕਾਰੀ ਨੇ ਹੁਣ ਵੀ ਵੈਕਸੀਨ ਦੀ ਪਹਿਲੀ ਡੋਜ਼ ਸੂਬੇ ਦੀ ਵਿਧਾਨ ਸਭਾ ਦੇ ਆਗਾਮੀ ਸਰਦ ਰੁੱਤ ਸੈਸ਼ਨ ਦੇ ਮੱਦੇਨਜ਼ਰ ਲਗਵਾਈ ਹੈ। ਵਿਧਾਨ ਸਭਾ ਦਾ ਇਹ ਸਰਦ ਰੁੱਤ ਸੈਸ਼ਨ 22 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ ਅਤੇ ਇਸ ਸੈਸ਼ਨ ਵਿਚ ਮੌਜੂਦਗੀ ਲਈ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ। -ਪੀਟੀਆਈ