ਨਵੀਂ ਦਿੱਲੀ: ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਲਾਏ ਜਾ ਰਹੇ ਦੋਸ਼ਾਂ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਪ੍ਰੇਸ਼ਾਨ ਹੋ ਕੇ ਮੁੱਦੇ ਤੋਂ ਧਿਆਨ ਭਟਾਉਣ ਵਾਲੇ ਤਰੀਕੇ ਅਪਣਾ ਰਹੇ ਹਨ ਤੇ ਝੂਠੇ ਦੋਸ਼ ਲਾ ਰਹੇ ਹਨ। ਸਕਸੈਨਾ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਵਾਪਸ ਲਈ ਜਾ ਚੁੱਕੀ ਆਬਕਾਰੀ ਨੀਤੀ 2021-22 ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ ਜਿਸ ਮਗਰੋਂ ਦੋਵਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਉਪ ਰਾਜਪਾਲ ਨੇ ਟਵੀਟ ਕੀਤਾ, ‘ਮੈਂ ਚੰਗੇ ਪ੍ਰਸ਼ਾਸਨ, ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਾ ਕਰਨ ਅਤੇ ਦਿੱਲੀ ਦੇ ਲੋਕਾਂ ਲਈ ਬਿਹਤਰ ਸੇਵਾਵਾਂ ਦੀ ਵਕਾਲਤ ਕੀਤੀ ਸੀ। ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਪ੍ਰੇਸ਼ਾਨ ਹੋ ਕੇ ਮੁੱਦੇ ਤੋਂ ਧਿਆਨ ਭਟਕਾਉਣ ਵਾਲੇ ਢੰਗ ਅਪਣਾਏ ਤੇ ਝੂਠੇ ਦੋਸ਼ ਲਾਏ।’ ਉਨ੍ਹਾਂ ਟਵਿੱਟਰ ’ਤੇ ਸੰਖੇਪ ਬਿਆਨ ’ਚ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਵੀ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ’ਤੇ ਅਜਿਹੇ ਬੇਬੁਨਿਆਦ ਨਿੱਜੀ ਹਮਲੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ। ਸਕਸੈਨਾ ਨੇ ਕਿਹਾ, ‘ਉਨ੍ਹਾਂ (ਕੇਜਰੀਵਾਲ) ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਸੇ ਵੀ ਹਾਲਾਤ ’ਚ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਾਂਗਾ। ਦਿੱਲੀ ਦੀ ਜਨਤਾ ਦੇ ਜੀਵਨ ਪੱਧਰ ’ਚ ਸੁਧਾਰ ਦੀ ਮੇਰੀ ਪ੍ਰਤੀਬੱਧਤਾ ਅਟੁੱਟ ਹੈ।’ ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਉੱਪ ਰਾਜਪਾਲ ਵੀਕੇ ਸਕਸੈਨਾ ’ਤੇ 1400 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਲਾਇਆ ਹੈ। -ਪੀਟੀਆਈ
ਉਪ ਰਾਜਪਾਲ ਜਾਂਚ ਤੋਂ ਕਿਉਂ ਡਰ ਰਹੇ: ‘ਆਪ’ ਆਗੂ
ਨਵੀਂ ਦਿੱਲੀ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੈ ਸਿੰਘ ਤੇ ਪਾਰਟੀ ਦੇ ਹੋਰ ਆਗੂਆਂ ਨੇ ਅੱਜ ਉੱਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕੀਤੀ ਟਿੱਪਣੀ ਮਗਰੋਂ ਉਨ੍ਹਾਂ ਨੂੰ ਕਰਾਰੇ ਹੱਥੀਂ ਲਿਆ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ (ਸਕਸੈਨਾ) ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਤੋਂ ਡਰੇ ਹੋਏ ਕਿਉਂ ਹਨ। ਉਨ੍ਹਾਂ ਟਵੀਟ ਕੀਤਾ, ‘ਤੁਸੀਂ ਜਾਂਚ ਤੋਂ ਇੰਨੇ ਡਰੇ ਹੋਏ ਕਿਉਂ ਹੋ? ਲੱਗਦਾ ਹੈ ਕਿ ਮਾਮਲਾ ਜ਼ਿਆਦਾ ਹੀ ਵਿਗੜ ਗਿਆ ਹੈ।’ ਉਨ੍ਹਾਂ ਕਿਹਾ, ‘ਮੈਂ ਕੁਝ ਵੀ ਗਲਤ ਨਹੀਂ ਕੀਤਾ ਸੀ। ਇਸ ਲਈ ਮੈਂ ਡਰਿਆ ਨਹੀਂ। ਮੇਰੇ ਖ਼ਿਲਾਫ਼ ਲੰਮੀ ਚੌੜੀ ਜਾਂਚ ਹੋਈ ਪਰ ਕੁਝ ਨਹੀਂ ਮਿਲਿਆ। ਇੱਕ ਵਾਰ ਫਿਰ ਮੇਰੀ ਇਮਾਨਦਾਰੀ ਸਾਰੇ ਦੇਸ਼ ਸਾਹਮਣੇ ਸਾਬਤ ਹੋਈ ਹੈ।’ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਐਲਜੀ ਨੂੰ ਜਵਾਬ ਦਿੱਤਾ, ‘ਅਰਵਿੰਦ ਜੀ ਖ਼ਿਲਾਫ਼ ਇੰਨੇ ਟਵੀਟ? ਕੀ ਤੁਸੀਂ ਇੰਨੇ ਡਰ ਗਏ ਹੋ? ਸਿੰਘ ਨੇ ਦੋਸ਼ ਲਾਇਆ, ‘ਕੀ ਤੁਹਾਡੇ ਭ੍ਰਿਸ਼ਟਾਚਾਰ ਵਿਰੁੱਧ ਵੀ ‘ਜ਼ੀਰੋ ਟੌਲਰੈਂਸ’ ਹੋਣੀ ਚਾਹੀਦੀ ਹੈ? ਲੋਕ ਕੇਵੀਆਈਸੀ ਕਾਰਜਕਾਲ ਦੌਰਾਨ ਤੁਹਾਡੇ ਬਹੁਤ ਸਾਰੇ ਕੇਸ ਦੱਸ ਰਹੇ ਹਨ। ਕੀ ਤੁਸੀਂ ਬਿਨਾਂ ਟੈਂਡਰ ਤੋਂ ਆਪਣੀ ਧੀ ਨੂੰ ਠੇਕਾ ਦਿੱਤਾ ਸੀ? ਕੀ ਮੋਦੀ ਜੀ ਇਸ ਬਾਰੇ ਜਾਣਦੇ ਹਨ?’ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਟਵੀਟ ਕੀਤਾ ਕਿ ਜੇਕਰ ਉੱਪ ਰਾਜਪਾਲ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਹ ਡਰ ਕਿਉਂ ਰਹੇ ਨੇ। -ਪੀਟੀਆਈ