ਜਗਮੋਹਨ ਸਿੰਘ
ਰੂਪਨਗਰ/ਘਨੌਲੀ, 12 ਅਪਰੈਲ
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ’ਤੇ ਜ਼ਿਲ੍ਹੇ ਰੂਪਨਗਰ ਅੰਦਰ ਖਣਨ ਵਿਭਾਗ ਵੱਲੋਂ ਠੇਕੇਦਾਰਾਂ ਨੂੰ ਮੁਅੱਤਲ ਕਰਦਿਆਂ ਖਣਨ ਦੀਆਂ ਖੱਡਾਂ ਵਿੱਚ ਨਿਕਾਸੀ ਦੇ ਕੰਮ ’ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਖਣਨ ਠੇਕੇਦਾਰਾਂ ਵੱਲ ਵਿਭਾਗ ਦੀ ਲਗਭਗ 11 ਕਰੋੜ ਰੁਪਏ ਦੀ ਪਿਛਲੀ ਰਕਮ ਬਕਾਇਆ ਖੜ੍ਹੀ ਹੈ ਅਤੇ 4 ਕਰੋੜ ਦੇ ਲਗਭਗ ਇਸ ਤਿਮਾਹੀ ਦੀ ਰਕਮ ਬਕਾਇਆ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਰਕਾਨੂੰਨੀ ਖਣਨ ਨੂੰ ਸਖਤੀ ਨਾਲ ਬੰਦ ਕਰਵਾ ਦਿੱਤਾ ਹੈ ਅਤੇ ਠੇਕੇਦਾਰਾਂ ਨੂੰ ਅਲਾਟ ਹੋਈਆਂ ਖੱਡਾਂ ਦੀ ਮੁੜ ਨਿਸ਼ਾਨਦੇਹੀ ਕਰਵਾ ਕੇ ਝੰਡੀਆਂ ਗੱਡ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਰੂਪਨਗਰ ਅੰਦਰ ਨਿਸ਼ਾਨਦੇਹੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਰਸੀਦਪੁਰ, ਆਸਪੁਰ ਤੇ ਸੈਸੋਂਵਾਲ ਦੀਆਂ ਖੱਡਾਂ/ਡੀ-ਸਿਲਟਿੰਗ ਸਾਈਟਾਂ ਤੋਂ ਰੇਤੇ ਦੀ ਨਿਕਾਸੀ ਦਾ ਕੰਮ ਕੁਝ ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਅਤੇ ਬਾਕੀ ਦੀਆਂ ਖੱਡਾਂ ਦੀ ਨਿਸ਼ਾਨਦੇਹੀ ਦਾ ਕੰਮ ਵੀ ਲਗਭਗ ਮੁਕੰਮਲ ਹੋ ਚੁੱਕਾ ਹੈ।
ਇਸ ਸਬੰਧੀ ਸੰਪਰਕ ਕੀਤੇ ਜਾਣ ’ਤੇ ਜ਼ਿਲ੍ਹਾ ਰੂਪਨਗਰ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ ਖੱਡਾਂ ’ਤੇ ਨਿਕਾਸੀ ਦਾ ਕੰਮ ਰੋਕੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਖਣਨ ਠੇਕੇਦਾਰਾਂ ਵੱਲੋਂ ਲਗਭਗ 15 ਕਰੋੜ ਰੁਪਏ ਦੀ ਬਕਾਇਆ ਰਕਮ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਠੇਕੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।