ਨਵੀਂ ਦਿੱਲੀ, 4 ਦਸੰਬਰ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਰਨਾਟਕ, ਕੇਰਲਾ, ਤਾਮਿਲ ਨਾਡੂ, ਜੰਮੂ ਕਸ਼ਮੀਰ, ਉੜੀਸਾ ਤੇ ਮਿਜ਼ੋਰਮ ਨੂੰ ਪੱਤਰ ਲਿਖ ਕੇ ਕੋਵਿਡ-19 ਦੇ ਪਸਾਰੇ ’ਤੇ ਕੰਟਰੋਲ ਲਈ ਜਾਂਚ-ਪਤਾ ਲਾਉਣ, ਇਲਾਜ ਕਰਨ, ਟੀਕਾਕਰਨ ਕਰਨ, ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਨੀਤੀ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ। ਕੁਝ ਜ਼ਿਲ੍ਹਿਆਂ ’ਚ ਕਰੋਨਾ ਦੇ ਵਧਦੇ ਕੇਸਾਂ, ਹਫ਼ਤਾਵਾਰੀ ਲਾਗ ਤੇ ਮੌਤ ਦਰ ਵਧਣ ਦੇ ਮਾਮਲਿਆਂ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ।
ਕਰੋਨਾਵਾਇਰਸ ਦੇ ਨਵੇਂ ਓਮੀਕਰੋਨ ਸਰੂਪ ਨੂੰ ਦੇਖਦਿਆਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ਦਾ ਜ਼ਿਕਰ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਅੱਜ ਕਿਹਾ ਕਿ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੌਮਾਂਤਰੀ ਮੁਸਾਫਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ, ਨਵੇਂ ਹੌਟ ਸਪੌਟਾਂ ਦੀ ਨਿਗਰਾਨੀ ਕੀਤੀ ਜਾਵੇ, ਲਾਗ ਪੀੜਤਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਤੁਰੰਤ ਪਤਾ ਲਾਇਆ ਜਾਵੇ। ਨਾਲ ਹੀ ਸਾਰੇ ਲਾਗ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਭੇਜਣ, ਕੇਸਾਂ ਦੀ ਤੁਰੰਤ ਪਛਾਣ ਕਰਨ ਤੇ ਸਿਹਤ ਢਾਂਚੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ ਹੈ। -ਪੀਟੀਆਈ
ਦੇਸ਼ ’ਚ ਕਰੋਨਾ ਦੇ 8603 ਨਵੇਂ ਕੇਸ
ਨਵੀਂ ਦਿੱਲੀ: ਦੇਸ਼ ’ਚ ਕੋਵਿਡ-19 ਦੇ 8603 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਅੱਜ ਵਧ ਕੇ 3,46,24,360 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 99,974 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਕਰੋਨਾ ਕਾਰਨ 415 ਹੋਰ ਮੌਤਾਂ ਹੋਣ ਨਾਲ ਦੇਸ਼ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 4,70,530 ਹੋ ਗਈ ਹੈ। ਦੇਸ਼ ’ਚ ਇਸ ਸਮੇਂ 99,974 ਮਰੀਜ਼ਾਂ ਦੀ ਇਲਾਜ ਚੱਲ ਰਿਹਾ ਹੈ ਜਦਕਿ 3,40,53,856 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੂਜੇ ਪਾਸੇ ਦੇਸ਼ ਪੱਧਰੀ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਮਗਰੋਂ ਹੁਣ ਤੱਕ ਟੀਕਿਆਂ ਦੀਆਂ 126.53 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। -ਪੀਟੀਆਈ