ਸ਼ੰਗਾਰਾ ਸਿੰਘ ਭੁੱਲਰ ਨੂੰ ਇਸ ਜਹਾਨੋਂ ਤੁਰਿਆਂ ਕਰੀਬ ਸਾਲ ਹੋਣ ਵਾਲਾ ਹੈ। ਉਨ੍ਹਾਂ ਨੂੰ ਚਾਹੁਣ ਤੇ ਜਾਨਣ ਵਾਲਿਆਂ ਨੂੰ ਅੱਜ ਵੀ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿਚਕਾਰ ਨਹੀਂ ਹਨ। ਉਹ ਪੰਜਾਬੀ ਪੱਤਰਕਾਰੀ ਦੀ ਅਭੁੱਲ ਸ਼ਖ਼ਸੀਅਤ ਹਨ ਜਿਨ੍ਹਾਂ ਦੀ ਕਲਮ ਉਮਰ ਦੇ ਆਖ਼ਰੀ ਪੜਾਅ ਤੱਕ ਨਿਰੰਤਰ ਚਲਦੀ ਰਹੀ। ਸ਼ੰਗਾਰਾ ਸਿੰਘ ਭੁੱਲਰ ਨੂੰ ਇਹ ਮਾਣ ਹਾਸਲ ਹੈ ਕਿ ਉਹ ਇਕਲੌਤਾ ਪੰਜਾਬੀ ਪੱਤਰਕਾਰ ਸੀ ਜੋ ਚਾਰ ਅਖ਼ਬਾਰਾਂ ਦਾ ਸੰਪਾਦਕ ਰਿਹਾ ਜਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ਼ ਟਾਈਮਜ਼ ਤੇ ਰੋਜ਼ਾਨਾ ਸਪੋਕਸਮੈਨ ਸ਼ਾਮਲ ਹਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਤਾਂ ਉਨ੍ਹਾਂ ਢਾਈ ਦਹਾਕਿਆਂ ਤੋਂ ਵੀ ਵੱਧ ਸਮਾਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹੋਣ ਦੇ ਸਮੇਂ ਅਖ਼ਬਾਰ ਵੱਲੋਂ ਪਹਿਲੀ ਵਾਰ ਇਕ ਦਿਨ ਵਿੱਚ 100 ਸਫ਼ਿਆਂ ਦਾ ਸਪਲੀਮੈਂਟ ਕੱਢਿਆ ਗਿਆ ਸੀ।
ਸ਼ੰਗਾਰਾ ਸਿੰਘ ਭੁੱਲਰ ਸਾਰਿਆਂ ਦਾ ਸਾਂਝਾ ਸੀ। ਉਨ੍ਹਾਂ ਦੇ ਦਾਇਰੇ ਵਿੱਚ ਨਵੀਂ ਉਮਰ ਦੇ ਪੱਤਰਕਾਰਾਂ ਤੋਂ ਲੈ ਕੇ ਮਹਿੰਦਰ ਸਿੰਘ ਰੰਧਾਵਾ ਵਰਗੇ ਕੁਸ਼ਲ ਪ੍ਰਸ਼ਾਸਕ ਤੇ ਉੱਘੀ ਸ਼ਖ਼ਸੀਅਤ ਵਾਲੇ ਵਿਅਕਤੀ ਸਨ। ਹਰੇਕ ਨੂੰ ਆਪਣਾ ਬਣਾਉਣਾ ਉਨ੍ਹਾਂ ਦੀ ਕਲਾ ਸੀ। ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਤੋਂ ਬਾਅਦ ਹਰੇਕ ਨੇ ਆਪੋ-ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਗੱਲਾਂ ਸੁਣਾਈਆਂ ਵੀ ਤੇ ਲੇਖ ਵੀ ਲਿਖੇ। ਸਾਥੀ ਤੇ ਜੂਨੀਅਰ ਕਰਮੀਆਂ ਨਾਲ ਵਿਚਰਦਿਆਂ ਆਪਣੇ ਹਲੀਮੀ ਤੇ ਨਿਮਰਤਾ ਭਰਪੂਰ ਸੁਭਾਅ ਕਾਰਨ ਉਹ ਹਰਮਨ ਪਿਆਰੇ ਸੰਪਾਦਕ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਕਿਤੇ ਵੀ ਤਲਖ਼ੀ ਨਾਲ ਜਾਂ ਉੱਚੀ ਬੋਲਦਿਆਂ ਘੱਟ ਹੀ ਸੁਣਿਆ। ਇਸੇ ਕਰਕੇ ਉਨ੍ਹਾਂ ਦਾ ਘੇਰਾ ਵਿਸ਼ਾਲ ਸੀ। ਸਹਿਜ ਮਤਾ ਤੇ ਠਰ੍ਹੰਮਾ ਜਿੱਥੇ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਸੀ ਉੱਥੇ ਉਨ੍ਹਾਂ ਵਿੱਚ ਪੰਜਾਬੀਆਂ ਵਾਲੀ ਮੜ੍ਹਕ ਵੀ ਸੀ। ਉਨ੍ਹਾਂ ਦੇ ਸੁਭਾਅ ਵਿੱਚ ਖ਼ਾਸ ਕਿਸਮ ਦਾ ਨਿੱਘ ਸੀ।
ਸ਼ੰਗਾਰਾ ਸਿੰਘ ਭੁੱਲਰ ਨੇਕ ਦਿਲ ਇਨਸਾਨ, ਹਸਮੁੱਖ ਸੁਭਾਅ, ਸਾਾਕਰਾਤਮਕਤਾ ਨਾਲ ਲਬਾਲਬ ਸੁਹਿਰਦ ਸੰਪਾਦਕ ਸਨ ਜਿਨ੍ਹਾਂ ਦੇ ਸਿਰੜ ਤੇ ਸਿਦਕਦਿਲੀ ਦੀਆਂ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਕੈਂਸਰ ਜਿਹੀ ਨਾਮੁਰਾਦ ਬਿਮਾਰੀ ਹੋਣ ਦੇ ਬਾਵਜੂਦ ਉਨ੍ਹਾਂ 74 ਵਰ੍ਹਿਆਂ ਦੀ ਉਮਰੇ ਨਾ ਤਾਂ ਸਰਗਰਮ ਪੱਤਰਕਾਰੀ ਛੱਡੀ ਅਤੇ ਨਾ ਹੀ ਆਪਣੇ ਨਾਲ ਰੋਜ਼ਾਨਾ ਵਿਚਰਦਿਆਂ ਨੂੰ ਆਪਣੇ ਰੋਗ ਦਾ ਭੇਤ ਪੈਣ ਦਿੱਤਾ। ਬਹੁਤੇ ਜਾਣਕਾਰਾਂ ਤੇ ਦੋਸਤਾਂ ਨੂੰ ਤਾਂ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ।
ਸ਼ੰਗਾਰਾ ਸਿੰਘ ਭੁੱਲਰ ਜਿੱਥੇ ਚੰਗੇ ਪੱਤਰਕਾਰ ਸਨ ਉੱਥੇ ਇਕ ਵਧੀਆ ਇਨਸਾਨ ਵੀ। ਉਹ ਬਹੁਪੱਖੀ ਕਾਲਮਨਵੀਸ ਹੋਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਸੂਬੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਦ੍ਰਿਸ਼ਟੀਕੋਣਾਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਲਈ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਪੱਤਰਕਾਰੀ ਦੇ ਪ੍ਰਚਾਰ ਤੇ ਪਸਾਰ ਲਈ ਮੋਹਰੀ ਹੋ ਕੇ ਕੰਮ ਕੀਤਾ।
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੱਤਰਕਾਰ ਐਵਾਰਡ ਜੇਤੂ ਸ਼ੰਗਾਰਾ ਸਿੰਘ ਭੁੱਲਰ ਨਵਾਂ ਜ਼ਮਾਨਾ ਅਖ਼ਬਾਰ ਦੇ ਉਪ ਸੰਪਾਦਕ ਵੀ ਰਹੇ ਹਨ। ਉਹ ਦਿੱਲੀ ਵਿੱਚ ਜਥੇਦਾਰ ਅਖ਼ਬਾਰ ਦੇ ਉਪ ਸੰਪਾਦਕ ਵੀ ਰਹੇ। ਵੱਖ-ਵੱਖ ਵਿਸ਼ਿਆਂ ਉੱਤੇ ਨਿਰੰਤਰ ਕਾਲਮ ਲਿਖਣ ਵਾਲੇ ਸ਼ੰਗਾਰਾ ਸਿੰਘ ਦਾ ਜੱਦੀ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਭੁੱਲਰ ਹੈ। ਬੇਅਰਿੰਗ ਕ੍ਰਿਸਚੀਅਨ ਕਾਲਜ ਤੋਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਦੀ ਐਮ.ਏ. ਕਰਦਿਆਂ ਉਹ ਰੋਜ਼ਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਅਤੇ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਮਾਤੀ ਸਨ। ਉੱਘੇ ਪ੍ਰਸ਼ਾਸਕ ਅਤੇ ਸਾਹਿਤ/ਕਲਾ ਪ੍ਰੇਮੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਪੁਸਤਕ ਆਪ ਬੀਤੀ ਦੀ ਡਿਕਟੇਸ਼ਨ ਸ਼ੰਗਾਰਾ ਸਿੰਘ ਭੁੱਲਰ ਨੂੰ ਦਿੱਤੀ ਸੀ।
ਉਨ੍ਹਾਂ ਨਾਲ ਮੇਰੀਆਂ ਨਿੱਜੀ ਯਾਦਾਂ ਵੀ ਜੁੜੀਆਂ ਹਨ। ਆਪਣੀ ਜ਼ਿੰਦਗੀ ਦੀ ਪਹਿਲੀ ਨੌਕਰੀ ਦਾ ਨਿਯੁਕਤੀ ਪੱਤਰ ਮੈਨੂੰ ਉਨ੍ਹਾਂ ਦੇ ਹੀ ਦਸਤਖਤਾਂ ਹੇਠ ਮਿਲਿਆ ਸੀ ਜਦੋਂ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਨ। ਮੇਰੀ ਨਿਯੁਕਤੀ ਜਲੰਧਰ ਛਾਉਣੀ ਤੋਂ ਬਤੌਰ ਪੱਤਰ ਪ੍ਰੇਰਕ ਹੋਈ ਸੀ। ਭੁੱਲਰ ਹੋਰਾਂ ਦੀ ਪ੍ਰਵਾਨਗੀ ਨਾਲ ਹੀ ਦਸੰਬਰ 2006 ਵਿੱਚ ਦੋਹਾ (ਕਤਰ) ਵਿਖੇ ਹੋਈਆਂ ਏਸ਼ਿਆਈ ਖੇਡਾਂ ਦੀ ਕਵਰੇਜ ਦਾ ਮੈਨੂੰ ਮੌਕਾ ਮਿਲਿਆ।
ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਨਾਲ ਪੱਤਰਕਾਰੀ ਖੇਤਰ ਵਿੱਚ ਪਿਆ ਖੱਪਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਹ ਪੰਜਾਬੀ ਪੱਤਰਕਾਰੀ ਦਾ ਉੱਚਾ ਬੁਰਜ ਸੀ ਜਿਹੜਾ ਪੱਤਰਕਾਰੀ ਨਾਲ ਜੁੜੇ ਹਰ ਸ਼ਖ਼ਸ ਅਤੇ ਪਾਠਕਾਂ ਦੇ ਦਿਲਾਂ ਵਿੱਚ ਆਪਣੇ ਜ਼ਿੰਦਾਦਿਲ ਸੁਭਾਅ ਅਤੇ ਵੱਖ-ਵੱਖ ਅਖ਼ਬਾਰਾਂ ਵਿੱਚ ਲਿਖੇ ਕਾਲਮਾਂ ਵਿੱਚ ਲਿਖੀਆਂ ਨਿਡਰ ਅਤੇ ਵਿਲੱਖਣ ਲਿਖਤਾਂ ਸਦਕਾ ਸਦਾ ਚੇਤਿਆਂ ਵਿੱਚ ਵਸਿਆ ਰਹੇਗਾ। ਸ਼ੰਗਾਰਾ ਸਿੰਘ ਭੁੱਲਰ ਦੀ ਪਹਿਲੀ ਬਰਸੀ ਮੌਕੇ ਅੱਜ 8 ਨਵੰਬਰ ਨੂੰ ਮੁਹਾਲੀ ਦੇ ਸੈਕਟਰ 69 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿਊਟ ਆਫ ਲਾਅ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸਹਿਜ ਪਾਠ ਦਾ ਭੋਗ ਅਤੇ ਅਰਦਾਸ ਹੋਵੇਗੀ।
ਸੰਪਰਕ: 97800-36216