ਹਰਜੀਤ ਸਿੰਘ
ਜ਼ੀਰਕਪੁਰ, 13 ਜੂਨ
ਵੀਆਈਪੀ ਸੜਕ ’ਤੇ ਸਥਿਤ ਪੈਂਟਾ ਹੋਮਜ਼ ਸੁਸਾਇਟੀ ਦੇ ਵਸਨੀਕ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੌਰਾਨ ਆਪਣੇ ਛੇ ਮਹੀਨੇ ਦੇ ਬੱਚੇ ਦਾ ਕਤਲ ਕਰ ਦਿੱਤਾ। ਪੁਲੀਸ ਨੇ ਮ੍ਰਿਤਕ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਭਿਸ਼ੇਕ ਸ਼ਰਮਾ ਵਾਸੀ ਦੇਹਰਾਦੂਨ, ਉੱਤਰਾਖੰਡ ਹਾਲ ਵਾਸੀ ਪੈਂਟਾ ਹੋਮਜ਼ ਵਜੋਂ ਹੋਈ ਹੈ। ਮੁਲਜ਼ਮ ਚੰਡੀਗੜ੍ਹ ਆਈਟੀ ਪਾਰਕ ਵਿੱਚ ਸਥਿਤ ਇਕ ਆਈਟੀ ਕੰਪਨੀ ਵਿੱਚ ਨੌਕਰੀ ਕਰਦਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ 26 ਸਾਲਾ ਦੀ ਨੀਤਿਕਾ ਵਾਸੀ ਪੈਂਟਾ ਹੋਮਜ਼ ਸੁਸਾਇਟੀ ਨੇ ਦੱਸਿਆ ਕਿ ਉਸ ਦਾ ਵਿਆਹ ਅਭਿਸ਼ੇਕ ਸ਼ਰਮਾ ਵਾਸੀ ਦੇਹਾਰਦੂਨ ਉੱਤਰਾਖੰਡ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਨਵਰੀ 2022 ਵਿੱਚ ਉਸ ਦੇ ਘਰ ਇਕ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਂ ਸਾਰਥਕ ਰੱਖਿਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਆਪਣੇ ਪਤੀ ਨਾਲ ਝਗੜਾ ਰਹਿੰਦਾ ਸੀ। ਲੰਘੀ 11 ਜੂਨ ਦੀ ਰਾਤ ਨੂੰ ਉਹ ਉੱਤਰਾਖੰਡ ਗਈ ਸੀ ਜਿਥੇ ਉਸ ਦਾ ਉਸ ਦੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ। ਝਗੜੇ ਮਗਰੋਂ ਉਹ ਰਾਤ ਦੇ ਦੋ ਵਜੇ ਹੀ ਉਥੋਂ ਵਾਪਸ ਚਲ ਪਏ ਅਤੇ ਆਪਣੇ ਪੈਂਟਾ ਹੋਮਜ਼ ਘਰ ਵਿੱਚ ਆ ਗਏ। ਘਰ ਪਹੁੰਚਣ ਮਗਰੋਂ ਉਨ੍ਹਾਂ ਦਾ ਮੁੜ ਤੋਂ ਝਗੜਾ ਹੋਇਆ। ਝਗੜੇ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਅੰਦਰੋਂ ਕੁੰਡੀ ਲਾ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਬੱਚਾ ਆਪਣੇ ਕੋਲ ਰੱਖ ਲਿਆ। ਉਸ ਵੱਲੋਂ ਵਾਰ ਵਾਰ ਦਰਵਾਜ਼ਾ ਖੜਕਾਉਣ ’ਤੇ ਜਦ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਹ ਢਕੋਲੀ ਵਸਨੀਕ ਆਪਣੀ ਭੈਣ ਦੇ ਘਰ ਚਲੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਗਲੀ ਸ਼ਾਮ ਨੂੰ ਜਦ ਉਹ ਆਪਣੇ ਘਰ ਆਈ ਤਾਂ ਉਸ ਦਾ ਲੜਕਾ ਬੈੱਡ ’ਤੇ ਬੇਸੁੱਧ ਪਿਆ ਸੀ। ਉਸ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਤੀ ਨੇ ਦੱਸਿਆ ਕਿ ਉਸ ਨੇ ਉਸ ਦਾ ਮੂੰਹ ਦਬਾ ਕੇ ਉਸ ਨੂੰ ਮਾਰ ਦਿੱਤਾ ਹੈ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੱਲ ਕਰਨ ’ਤੇ ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਵੇਰ ਅੱਠ ਵਜੇ ਘਟਨਾ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਾਨਸਿਕ ਤਣਾਅ ਵਿੱਚ ਸੀ ਜਿਸ ਦੇ ਚਲਦਿਆਂ ਉਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।