ਰਾਜਿੰਦਰ ਜੈਦਕਾ
ਅਮਰਗੜ੍ਹ, 28 ਅਕਤੂਬਰ
ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਗੜੀਆਂ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਕੀਤਾ। ਕੈਂਪ ਦੌਰਾਨ ਆਟਾ ਦਾਲ ਸਕੀਮ ਦੇ 175 ਫਾਰਮ, ਇੰਤਕਾਲ ਦੇ 45, ਅਸ਼ੀਰਵਾਦ ਸਕੀਮ ਦਾ ਇੱਕ ਫਾਰਮ, ਪੋਸਟ ਮੈਟ੍ਰਿਕ ਸਕਾਲਸ਼ਿੱਪ 15, ਰੁਜਗਾਰ ਸ਼ੁਰੂ ਕਰਨ ਦਾ ਇੱਕ ਫਾਰਮ, ਆਯੂਸ਼ ਭਾਰਤ ਬੀਮਾ ਸਕੀਮ ਤਹਿਤ 20, ਰਾਸ਼ਨ ਕਾਰਡ ਸਕੀਮ ਦੇ 20 ਫਾਰਮ, ਲੈਟਰੀਨਾਂ ਬਣਾਉਣ ਲਈ 40 ਫਾਰਮ, ਪਾਣੀ ਕੁਨੈਕਸ਼ਨ ਦੇ 2 ਫਾਰਮ, ਬਿਜਲੀ ਬਿਲ ਮੁਆਫ਼ੀ ਦੇ 27 ਫਾਰਮ, ਬੁਢਾਪਾ ਪੈਨਸ਼ਨ ਦੇ 9, ਵਿਧਵਾ ਦੇ 4 ਅਤੇ ਅਪੰਗ ਲਈ ਇੱਕ ਫਾਰਮ ਤੋਂ ਇਲਾਵਾ ਕੱਟੀ ਪੈਨਸ਼ਨ ਦੇ 3 ਫਾਰਮ, 5-5 ਮਰਲੇ ਦੇ ਪਲਾਟਾਂ ਲਈ 15, ਕੱਚੇ ਘਰਾਂ ਲਈ 81 ਤੇ ਜਾਬ ਕਾਰਡ ਲਈ 1, ਮਨਰੇਗਾ ਲਈ ਇੱਕ ਫਾਰਮ ਭਰਿਆ ਗਿਆ। ਕੈਂਪ ਦੌਰਾਨ ਅਧਿਕਾਰੀ ਲਾਭਪਾਤਰੀਆਂ ਨੂੰ ਉਡੀਕਦੇ ਰਹੇ ਤੇ ਵੇਹਲੇ ਬੇਠੇ ਰਹੇ। ਭਲਾਈ ਅਫਸਰ ਜਗਦੀਪ ਸ਼ਰਮਾ ਨੇ ਦੱਸਿਆ ਕਿ ਸ਼ਗਨ ਸਕੀਮ ਦੇ 21 ਮਾਰਚ ਤੱਕ ਦੇ ਪੈਸੇ ਭੇਜ ਦਿੱਤਾ ਗਏ ਹਨ ਅਤੇ ਜੂਨ ਤੱਕ ਦੇ ਸ਼ਗਨ ਸਕੀਮ ਦੇ ਭਰੇ ਫਾਰਮਾਂ ਦੇ ਪੈਸੇ ਵੀ ਜਲਦ ਪਾ ਦਿੱਤੇ ਜਾਣਗੇ।
ਮੀਮਸਾ ਵਿੱਚ ਵਿਧਾਇਕ ਗੋਲਡੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਧੂਰੀ: ਇਥੇ ‘ਸਰਕਾਰ ਤੁਹਾਡੇ ਸ਼ਹਿਰ ਵਿੱਚ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਜਿੱਥੇ ਲੋਕ ਸੁਵਿਧਾ ਕੈਂਪ ਪਿੰਡ ਮੀਮਸਾ ਵਿੱਚ ਲਗਾਇਆ ਗਿਆ, ਉੱਥੇ ਬਿਜਲੀ ਬੋਰਡ ਦੇ ਕੰਮਾਂ ਨਾਲ ਸੰਬਧਤ ਇੱਕ ਕੈਂਪ ਬਿਜਲੀ ਬੋਰਡ ਦੇ ਸਥਾਨਕ ਦਫ਼ਤਰ ਵਿੱਚ ਲਗਾਇਆ ਗਿਆ। ਇਸ ਮੌਕੇ ਵਿਧਾਇਕ ਗੋਲਡੀ ਖੰਗੂੜਾ ਤੋਂ ਇਲਾਵਾ ਐੱਸ.ਡੀ.ਐੱਮ ਇਸ਼ਮਿਤ ਵਿਜੈ ਸਿੰਘ, ਡੀਐਸਪੀ ਧੂਰੀ ਪਰਮਿੰਦਰ ਸਿੰਘ ਗਰੇਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਗਰਗ, ਸੀਨੀਅਰ ਕਾਂਗਰਸੀ ਆਗੂ ਹਨੀ ਤੂਰ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਦਲਬੀਰ ਗੋਲਡੀ ਨੇ ਦੱਸਿਆ ਕਿ 29 ਅਕਤੂਬਰ ਨੂੰ ਗਰਗ ਪੈਲੇਸ ਵਿੱਚ ਕੈਂਪ ਲਾਇਆ ਜਾ ਰਿਹਾ ਹੈ। -ਖੇਤਰੀ ਪ੍ਰਤੀਨਿਧ