ਦਵਿੰਦਰ ਸਿੰਘ ਭੰਗੂ
ਰਈਆ, 17 ਮਾਰਚ
ਗੁਰੂ ਤੇਗ਼ ਬਹਾਦਰ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਕਾਲਾ ਵਿੱਚ ਰੱਖੇ ਗਏ ਤਿੰਨ ਰੋਜ਼ਾ ਸਮਾਗਮਾਂ ਦੇ ਦੂਸਰੇ ਦਿਨ ਅੱਜ ਮਾਤਾ ਗੁਜਰੀ ਇਸਤਰੀ ਗੁਰਮਤਿ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਬੀਬੀਆਂ ਨੇ ਸ਼ਮੂਲੀਅਤ ਕਰਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਧਰਮ ਰੱਖਿਅਕ ਸਨ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਜੇ ਅੱਜ ਦੇਸ਼ ਦਾ ਸਭਿਆਚਾਰ ਜਿਉਂਦਾ ਹੈ ਤਾਂ ਉਹ ਗੁਰੂ ਸਾਹਿਬ ਦੀ ਬਦੌਲਤ ਹੈ। ਨੌਵੇਂ ਪਾਤਸ਼ਾਹ ਦੇ ਨਾਲ-ਨਾਲ ਮਾਤਾ ਗੁਜਰੀ ਦਾ ਵੀ ਸਿੱਖ ਇਤਿਹਾਸ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨਾ ਮਾਵਾਂ ਦਾ ਅਹਿਮ ਫ਼ਰਜ਼ ਹੈ। ਸਿੱਖੀ ਦੇ ਪ੍ਰਚਾਰ ਲਈ ਪਰਿਵਾਰ ਪੱਧਰ ’ਤੇ ਸਿੱਖੀ ਲਹਿਰ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਬੀਬੀਆਂ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਵੱਡੀ ਭੂਮਿਕਾ ਨਿਭਾਈ ਹੈ। ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੰਗਾ, ਮਾਤਾ ਗੁਜਰੀ, ਮਾਈ ਭਾਗੋ ਸਮੇਤ ਅਨੇਕਾਂ ਸਤਿਕਾਰਤ ਬੀਬੀਆਂ ਸਿੱਖ ਇਤਿਹਾਸ ਦੇ ਅਹਿਮ ਪਾਤਰ ਹਨ। ਇਸ ਦੌਰਾਨ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ, ਭਾਈ ਸੁਖਜਿੰਦਰ ਸਿੰਘ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰੇਸ਼ਮ ਸਿੰਘ, ਭਾਈ ਹਰਜੀਤ ਸਿੰਘ, ਬੀਬੀ ਰਵਿੰਦਰ ਕੌਰ ਪਟਿਆਲਾ, ਬੀਬੀ ਅਮਰਜੀਤ ਕੌਰ ਦੇ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ, ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ, ਭਾਈ ਰਾਮ ਸਿੰਘ, ਬੀਬੀ ਜੋਗਿੰਦਰ ਕੌਰ ਬਠਿੰਡਾ, ਦਵਿੰਦਰ ਕੌਰ, ਗੁਰਵਿੰਦਰ ਕੌਰ ਜਲਾਲਉਸਮਾਂ, ਬੀਬੀ ਦਲਜੀਤ ਕੌਰ ਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੋ ਦਿਨ ਪਹਿਲਾਂ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਅੰਮ੍ਰਿਤਸਰ ਦੇ ਹਰ ਸਮਾਗਮ ਵਿੱਚ ਹਾਲ ਦੇ ਅੰਦਰ 100 ਵਿਅਕਤੀਆਂ ਅਤੇ ਬਾਹਰ ਪੰਡਾਲ ਵਿੱਚ 200 ਤੋ ਵੱਧ ਵਿਅਕਤੀਆਂ ਦਾ ਇਕੱਠ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ।