ਮਨਦੀਪ ਸਿੰਘ ਸਿੱਧੂ
ਪੰਜਾਬੀ ਦੇ ਮਸ਼ਹੂਰ ਗਾਇਕ ਤੇ ਹਿੰਦੀ/ਪੰਜਾਬੀ ਫ਼ਿਲਮਾਂ ਦੇ ਖ਼ਲਨਾਇਕ ਗੁਰਚਰਨ ਸਿੰਘ ਪੋਹਲੀ ਦੀ ਪੈਦਾਇਸ਼ 24 ਜੂਨ 1942 ਨੂੰ ਪਿੰਡ ਚੱਕ ਨੰਬਰ 51/12-ਐੱਲ, ਜ਼ਿਲ੍ਹਾ ਮਿੰਟਗੁਮਰੀ (ਹੁਣ ਜ਼ਿਲ੍ਹਾ ਸਾਹੀਵਾਲ, ਪਾਕਿਸਤਾਨ) ਦੇ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਈ। ਦੇਸ਼ ਵੰਡ ਵੇਲੇ ਇਹ ਪਰਿਵਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਆਣ ਵੱਸਿਆ। ਪੋਹਲੀ ਨੇ 10ਵੀਂ ਤੱਕ ਤਾਲੀਮ ਹਾਸਲ ਕੀਤੀ। ਸਕੂਲ ਪੜ੍ਹਦਿਆਂ ਹੀ ਉਸ ਨੂੰ ਨੱਚਣ ਤੇ ਗਾਉਣ ਨਾਲ ਬੇਹੱਦ ਲਗਾਓ ਸੀ ਜੋ ਜਵਾਨੀ ਦੀ ਸਰਦਲ ’ਤੇ ਪਹੁੰਚਦਿਆਂ ਗੁਲੂਕਾਰੀ ਤੇ ਅਦਾਕਾਰੀ ਵਿੱਚ ਬਦਲ ਗਿਆ।
ਗੁਰਚਰਨ ਪੋਹਲੀ ਨੇ ਆਪਣੇ ਫ਼ਨੀ ਸਫ਼ਰ ਦਾ ਆਗ਼ਾਜ਼ ਪੰਜਾਬੀ ਲੋਕ ਗਾਇਕ ਵਜੋਂ ਕੀਤਾ। ਉਸ ਨੇ ਸੰਗੀਤ ਦੀ ਮੁੱਢਲੀ ਤਾਲੀਮ ਉਸਤਾਦ ਜਸਵੰਤ ਭੰਵਰਾ ਕੋਲੋਂ ਹਾਸਲ ਕੀਤੀ। ਫਿਰ ਫ਼ਿਲਮਾਂ ਨਾਲ ਦਿਲਚਸਪੀ ਕਾਰਨ ਬੰਬੇ ਦਾ ਰੁਖ਼ ਕੀਤਾ। ਹਿੰਦੀ ਫ਼ਿਲਮਾਂ ਵਿੱਚ ਉਸ ਨੇ ‘ਸ਼ੇਰਾ’ ਦੇ ਫ਼ਿਲਮੀ ਨਾਮ ਨਾਲ ਅਦਾਕਾਰੀ ਕੀਤੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਗੁਰਚਰਨ ਪੋਹਲੀ ਦੇ ਨਾਮ ਨਾਲ ਆਪਣੀ ਪਛਾਣ ਬਣਾਈ।
ਮਾਲਵੇ ਦੇ ਮਸ਼ਹੂਰ ਨਾਵਲਨਿਗ਼ਾਰ ਬੂਟਾ ਸਿੰਘ ਸ਼ਾਦ ਨੇ ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਵੇਦ ਮਹਿਰਾ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਕੁੱਲੀ ਯਾਰ ਦੀ’ (1970) ਬਣਾਈ ਤਾਂ ਉਨ੍ਹਾਂ ਪੰਜਾਬੀ ਲੋਕ ਗਾਇਕ ਗੁਰਚਰਨ ਸਿੰਘ ਪੋਹਲੀ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਪੋਹਲੀ ਨੇ ਫ਼ਿਲਮ ’ਚ ਛੋਟੀ ਜਿਹੀ ਭੂਮਿਕਾ ਨਿਭਾਈ। ਮਨੋਹਰ ਦੀ ਮੁਰੱਤਬਿ ਮੌਸੀਕੀ ਵਿੱਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ‘ਜਨਨੀ ਜਨੇ ਤਾਂ ਭਗਤ ਜਨ’ (ਮਹਿੰਦਰ ਕਪੂਰ) ਗੁਰਚਰਨ ਪੋਹਲੀ ’ਤੇ ਫ਼ਿਲਮਾਇਆ ਗਿਆ। ਇਹ ਬਲੈਕ ਐਂਡ ਵ੍ਹਾਈਟ ਫ਼ਿਲਮ 27 ਨਵੰਬਰ 1970 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਗੁਰਚਰਨ ਪੋਹਲੀ ਦੀ ਪਹਿਲੀ ਰੰਗੀਨ ਹਿੰਦੀ ਫ਼ਿਲਮ ਵੀ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਸ਼ਾਦ ਨਿਰਦੇਸ਼ਿਤ ‘ਕੋਰਾ ਬਦਨ’ (1974) ਸੀ। ਫ਼ਿਲਮ ’ਚ ਸ਼ਾਦ ਨੇ ਗੁਰਚਰਨ ਪੋਹਲੀ ਨੂੰ ‘ਸ਼ੇਰਾ’ ਦੇ ਨਵੇਂ ਨਾਮ ਨਾਲ ਪੇਸ਼ ਕੀਤਾ। ਪੋਹਲੀ ਨੇ ਫ਼ਿਲਮ ਵਿੱਚ ‘ਡਾਕੂ’ ਦਾ ਕਿਰਦਾਰ ਨਿਭਾਇਆ। ਸਾਵਨ ਕੁਮਾਰ ਦੇ ਫ਼ਿਲਮਸਾਜ਼ ਅਦਾਰੇ ਮਰਕਰੀ ਪ੍ਰੋਡਕਸ਼ਨਜ਼, ਬੰਬੇ ਦੀ ਸਾਵਨ ਕੁਮਾਰ ਨਿਰਦੇਸ਼ਿਤ ਫ਼ਿਲਮ ‘ਹਵਸ’ (1974), ਰੂਪਾ ਐੱਚ. ਐੱਮ. ਦੇ ਫ਼ਿਲਮਸਾਜ਼ ਅਦਾਰੇ ਅਨੁਭਵ ਫ਼ਿਲਮਜ਼, ਬੰਬੇ ਦੀ ਕੇਦਾਰ ਕਪੂਰ ਨਿਰਦੇਸ਼ਿਤ ਫ਼ਿਲਮ ‘ਚਟਾਨ ਸਿੰਘ’ (1974), ਸ਼ਿਆਮ ਸੁੰਦਰ ਤੇ ਸ਼ਿਵਦਾਸਾਨੀ ਦੇ ਫ਼ਿਲਮਸਾਜ਼ ਅਦਾਰੇ ਮੁਰਧਨ ਇੰਟਰਪ੍ਰਾਈਸਜ਼, ਬੰਬੇ ਦੀ ਪ੍ਰਯਾਗ ਰਾਜ ਨਿਰਦੇਸ਼ਿਤ ਫ਼ਿਲਮ ‘ਪਾਪ ਔਰ ਪੁਨਯ’ (1974), ਰਾਮਾਨੰਦ ਸਾਗਰ ਦੇ ਫ਼ਿਲਮਸਾਜ਼ ਅਦਾਰੇ ਸਾਗਰ ਆਰਟ ਕਾਰਪੋਰੇਸ਼ਨ, ਬੰਬੇ ਦੀ ਆਨੰਦ ਸਾਗਰ ਨਿਰਦੇਸ਼ਿਤ ਫ਼ਿਲਮ ‘ਹਮਰਾਹੀ’ (1974) ਵਿੱਚ ਖ਼ਲ ਕਿਰਦਾਰ ਨਿਭਾਏ।
ਨਰੇਸ਼ ਕੁਮਾਰ ਦੇ ਫ਼ਿਲਮਸਾਜ਼ ਅਦਾਰੇ ਡਿੰਪਲ ਫ਼ਿਲਮਜ਼, ਬੰਬੇ ਦੀ ਨਰੇਸ਼ ਕੁਮਾਰ ਨਿਰਦੇਸ਼ਿਤ ਫ਼ਿਲਮ ‘ਦੋ ਜਾਸੂਸ’ (1975), ਐੱਸ. ਪੀ. ਮਲਹੋਤਰਾ ਤੇ ਪ੍ਰਤਾਪ ਸਿੰਘ ਦੇ ਫ਼ਿਲਮਸਾਜ਼ ਅਦਾਰੇ ਸਿਲਵਰ ਸਕਰੀਨ ਇੰਟਰਪ੍ਰਾਈਸਜ਼, ਬੰਬੇ ਦੀ ਦੇਸ਼ ਗੌਤਮ ਨਿਰਦੇਸ਼ਿਤ ਫ਼ਿਲਮ ‘ਲਗਾਮ’ (1976) ’ਚ ਪੋਹਲੀ ਨੇ ਫਿਰ ਖ਼ਲ ਕਿਰਦਾਰ ਨਿਭਾਏ।
ਹਾਲਾਂਕਿ 1970ਵਿਆਂ ਦੇ ਅਸ਼ਰੇ ’ਚ ਗੁਰਚਰਨ ਪੋਹਲੀ ਦਾ ਆਗ਼ਾਜ਼ ਪੰਜਾਬੀ ਫ਼ਿਲਮ ਤੋਂ ਹੋਇਆ ਤੇ ਬਾਅਦ ’ਚ ਉਸ ਨੇ ਕਈ ਹਿੰਦੀ ਫ਼ਿਲਮਾਂ ’ਚ ‘ਸ਼ੇਰਾ’ ਦੇ ਨਾਮ ਨਾਲ ਛੋਟੇ-ਛੋਟੇ ਕਿਰਦਾਰ ਵੀ ਨਿਭਾਏ, ਪਰ ਉਹ ਨਾਮ ਨਹੀਂ ਬਣ ਸਕਿਆ ਜੋ ਉਸ ਦੀ ਦਿੱਖ ਮੁਤਾਬਿਕ ਬਣਦਾ ਸੀ। ਆਦਾਤਰ ਹਿੰਦੀ ਫ਼ਿਲਮਾਂ ’ਚ ਉਸ ਦੀ ਆਵਾਜ਼ ਕਿਸੇ ਹੋਰ ਕੋਲੋਂ ਡੱਬ ਕਰਵਾਈ ਜਾਂਦੀ ਸੀ। ਉਸ ਨੂੰ ਅਸਲ ਸ਼ੁਹਰਤ ਸਿਰਫ਼ ਪੰਜਾਬੀ ਫ਼ਿਲਮਾਂ ਤੋਂ ਹੀ ਮਿਲ ਪਾਈ। ਚਾਦਰਾ-ਕੁੜਤਾ, ਦੰਦਾਂ ’ਚ ਪੈਂਦੀ ਵਿਰਲ ਤੇ ਹੱਸਣ ਦੇ ਅਨੋਖੇ ਅੰਦਾਜ਼ ਨੇ ਉਸ ਨੂੰ ਪੰਜਾਬੀ ਫ਼ਿਲਮਾਂ ਦਾ ਸਿਰਕੱਢ ਖ਼ਲਨਾਇਕ ਬਣਾ ਦਿੱਤਾ।
1980ਵਿਆਂ ਦੇ ਦਹਾਕੇ ’ਚ ਭੁੱਲਾ ਰਾਮ ਚੰਨ, ਹਰਦੇਵ ਸਿੰਘ ਦਿਲਗੀਰ, ਕੁਲਦੀਪ ਮਾਣਕ ਤੇ ਗੁਰਚਰਨ ਪੋਹਲੀ ਨੇ ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਬੀ. ਐੱਚ. ਕੇ. ਜੀ. ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਵਰਿੰਦਰ ਦੀ ਹਿਦਾਇਤਕਾਰੀ ਵਿੱਚ ਐਕਸ਼ਨ ਪੰਜਾਬੀ ਫ਼ਿਲਮ ‘ਬਲਬੀਰੋ ਭਾਬੀ’ (1981) ਬਣਾਈ ਤਾਂ ਗੁਰਚਰਨ ਪੋਹਲੀ ਨੂੰ ਇੱਕ ਵਾਰ ਫਿਰ ਨਵੇਂ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ਵਿੱਚ ਉਸ ਵੱਲੋਂ ਨਿਭਾਏ ‘ਘੂਕਰ’/‘ਚੌਧਰੀ ਸਾਹਬ’ ਦੇ ਵੈਲੀ ਕਿਰਦਾਰ ਨੇ ਮਕਬੂਲੀਅਤ ਅਤੇ ਪੁਖਤਾ ਪਛਾਣ ਦਿੱਤੀ। ਕੁਲਦੀਪ ਮਾਣਕ ਦੇ ਸੰਗੀਤ ’ਚ ਦੇਵ ਥਰੀਕੇ ਵਾਲਾ ਦਾ ਲਿਖਿਆ ਅਖਾੜਾ ਗੀਤ ‘ਹੋ ਹੋ…ਨੱਚ ਲੈ ਮੋਰਨੀਏ’ (ਗੁਰਮੀਤ ਬਾਵਾ, ਕੁਲਦੀਪ ਮਾਣਕ) ਗੁਰਮੀਤ ਬਾਵਾ, ਕੁਲਦੀਪ ਮਾਣਕ, ਵਰਿੰਦਰ, ਗੁਰਚਰਨ ਪੋਹਲੀ ’ਤੇ ਫ਼ਿਲਮਾਇਆ ਗਿਆ। ਇਹ ਸੁਪਰਹਿੱਟ ਫ਼ਿਲਮ 18 ਜੂਨ 1982 ਨੂੰ ਮਾਲਵਾ ਸਿਨਮਾ, ਪਟਿਆਲਾ ਵਿਖੇ ਨੁਮਾਇਸ਼ ਹੋਈ। ਇਸ ਫ਼ਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਗੁਰਚਰਨ ਸਿੰਘ ਪੋਹਲੀ ਨੇ ਐੱਲ. ਐੱਸ. ਪਾਹਲ ਦੇ ਫ਼ਿਲਮਸਾਜ਼ ਅਦਾਰੇ ਪਾਹਲ ਬ੍ਰਦਰਜ਼, ਪ੍ਰੋਡਕਸ਼ਨਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰੂਪ ਸ਼ੁਕੀਨਣ ਦਾ’ (1983) ’ਚ ਅਦਾਕਾਰਾ ਦਲਜੀਤ ਕੌਰ (ਪ੍ਰੀਤੋ) ਦੇ ਭਰਾ ‘ਜੋਰਾ’ ਦਾ ਖ਼ਲ ਕਿਰਦਾਰ ਨਿਭਾਇਆ। ਚਰਨਜੀਤ ਅਹੂਜਾ ਦੇ ਸੰਗੀਤ ’ਚ ਮਜ਼ਾਹੀਆ ਗੀਤ ‘ਮੈਂ ਨਈ ਜਾਣਾ ਰੋਡੂ ਦੇ’ (ਨੇਕੀ ਕਾਬਿਲ) ਮਿਹਰ ਮਿੱਤਲ, ਪੋਹਲੀ ਤੇ ਸਾਥੀਆਂ ’ਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 30 ਸਤੰਬਰ 1983 ਨੂੰ ਜੋਸ਼ੀ ਪੈਲੇਸ, ਫ਼ਿਰੋਜ਼ਪੁਰ ਸ਼ਹਿਰ ਵਿਖੇ ਨੁਮਾਇਸ਼ ਹੋਈ। ਪੁਖਰਾਜ ਪ੍ਰੋਡਕਸ਼ਨਜ਼, ਬੰਬੇ ਦੀ ਜਗਜੀਤ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕੀ ਬਣੂ ਦੁਨੀਆ ਦਾ’ (1986) ’ਚ ਗੁਰਚਰਨ ਪੋਹਲੀ ਨੇ ‘ਪੋਹਲੀ ਸਾਹਬ’ ਦਾ ਖ਼ਲ ਪਾਤਰ ਅਦਾ ਕੀਤਾ ਜਦੋਂਕਿ ਮੁੱਖ ਕਿਰਦਾਰ ਵਿੱਚ ਗੁਰਦਾਸ ਮਾਨ ਪਹਿਲੀ ਵਾਰ ਦੋਹਰੀ ਭੂਮਿਕਾ ਨਿਭਾ ਰਿਹਾ ਸੀ। ਹੁਣ ਫ਼ਿਲਮਸਾਜ਼ਾਂ ਤੇ ਫ਼ਿਲਮ ਮੱਦਾਹਾਂ ਨੂੰ ਪੋਹਲੀ ਦੀ ਖ਼ਲਨਾਇਕੀ ਦਾ ਅੰਦਾਜ਼ ਪਸੰਦ ਆਉਣ ਲੱਗ ਪਿਆ ਸੀ। ਲਿਹਾਜ਼ਾ ਫ਼ਿਲਮ ਦੇ ਪ੍ਰਚਾਰ ਪੋਸਟਰਾਂ ’ਤੇ ਪੋਹਲੀ ਦੀ ਫੋਟੋ ਫ਼ਿਲਮ ਦੀ ਹਿੱਟ ਦੀ ਗਾਰੰਟੀ ਮੰਨੀ ਜਾਂਦੀ ਸੀ। ਜਦੋਂ ਸੁਰਿੰਦਰ, ਉਂਕਾਰ ਸਿੰਘ ਤੇ ਰਵੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਐੱਸਐੱਚਓਆਰ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਵਰਿੰਦਰ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਯਾਰੀ ਜੱਟ ਦੀ’ (1987) ਬਣਾਈ ਤਾਂ ਉਨ੍ਹਾਂ ਨੇ ਵੀ ਉਸ ਦੀ ਸਫਲਤਾ ਨੂੰ ਕੈਸ਼ ਕੀਤਾ। ਪੋਹਲੀ ਨੇ ਫ਼ਿਲਮ ਵਿੱਚ ‘ਦੀਪਾ’ ਦਾ ਖ਼ਲ ਕਿਰਦਾਰ ਨਿਭਾਇਆ। ਇਹ ਫ਼ਿਲਮ ਸਿਲਵਰ ਜੁਬਲੀ ਹਿੱਟ ਰਹੀ। ਜੋਗਿੰਦਰ ਪਾਲ ਪ੍ਰਦੇਸੀ, ਰੰਮੀ ਪਹਿਲਵਾਨ, ਮਨਜੀਤ ਲਵਲੀ ਦੇ ਫ਼ਿਲਮਸਾਜ਼ ਅਦਾਰੇ ਫਰੈਂਡਜ਼ ਮੂਵੀਜ਼, ਬੰਬੇ ਦੀ ਜਗਜੀਤ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪਟੋਲਾ’ (1987) ’ਚ ਪੋਹਲੀ ਨੇ ਅਦਾਕਾਰਾ ਦਲਜੀਤ ਕੌਰ (ਰਾਣੀ) ਦੇ ਭਰਾ ‘ਮੰਗਲ’ ਦਾ ਨਕਾਰਾਤਮਕ ਪਾਰਟ ਅਦਾ ਕੀਤਾ। ਅਵਤਾਰ ਸਿੰਘ ਵਾਲੀਆ ਤੇ ਬਾਪੂ ਸੰਤੋਸ਼ ਸਿੰਘ ਸਨਿਆਲ ਦੇ ਫ਼ਿਲਮਸਾਜ਼ ਅਦਾਰੇ ਬਾਪੂ ਆਰਟਸ, ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਐਕਸ਼ਨ ਪੰਜਾਬੀ ਫ਼ਿਲਮ ‘ਜੱਟ ਸੂਰਮੇ’ (1988) ’ਚ ਉਸ ਨੇ ਵੈਲੀ ‘ਜੰਗਾ’ ਦਾ ਖ਼ਲ ਪਾਤਰ ਨਿਭਾਇਆ। ਕਹਾਣੀ ਵਰਿੰਦਰ, ਮੁਕਾਲਮੇ ਰਵੀ, ਗੀਤ ਬਾਬੂ ਸਿੰਘ ਮਾਨ ਤੇ ਸੰਗੀਤ ਕਮਲ ਕਾਂਤ ਨੇ ਤਾਮੀਰ ਕੀਤਾ। ਫ਼ਿਲਮ ’ਚ ਵਰਿੰਦਰ ਤੇ ਪ੍ਰੀਤੀ ਸਪਰੂ ਦੀ ਜੋੜੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਇਸ ਫ਼ਿਲਮ ਤੋਂ ਬਾਅਦ ਗੁਰਚਰਨ ਪੋਹਲੀ ਫ਼ਿਲਮੀ ਦੁਨੀਆ ’ਚੋਂ ਇਕਦਮ ਲੋਪ ਹੋ ਗਿਆ।
1990ਵਿਆਂ ਵਿੱਚ ਜਦੋਂ ਐੱਲ. ਐੱਸ. ਪਾਬਲਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਏਸ਼ੀਅਨ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਦੇਸੋਂ ਪਰਦੇਸ’ (1996) ਬਣਾਈ ਤਾਂ ਇੱਕ ਵਾਰ ਫਿਰ ਮਸ਼ਹੂਰ ਖ਼ਲਨਾਇਕ ਗੁਰਚਰਨ ਪੋਹਲੀ ਨੂੰ ਕਾਫ਼ੀ ਸਾਲਾਂ ਬਾਅਦ ਫ਼ਿਲਮ ’ਚ ਅਦਾਕਾਰੀ ਦਾ ਮੌਕਾ ਦਿੱਤਾ। ਪੋਹਲੀ ਨੇ ਫ਼ਿਲਮ ’ਚ ‘ਏਜੰਟ ਸ਼ੇਰਾ’ ਦਾ ਪਾਰਟ ਨਿਭਾਇਆ। ਇਸ ਫ਼ਿਲਮ ਤੋਂ ਬਾਅਦ ਉਸ ਨੇ ਕਿਸੇ ਪੰਜਾਬੀ ਫ਼ਿਲਮ ’ਚ ਕੰਮ ਨਹੀਂ ਕੀਤਾ।
ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਵਾਲਾ ਗੁਰਚਰਨ ਪੋਹਲੀ ਪੰਜਾਬ ਦਾ ਮਸ਼ਹੂਰ ਲੋਕ ਗਾਇਕ ਵੀ ਸੀ। ਉਸ ਨੇ ਆਪਣੀ ਸਹਿ-ਗਾਇਕਾ ਪ੍ਰੋਮਿਲਾ ਪੰਮੀ ਨਾਲ ਜੋੜੀ ਬਣਾ ਕੇ ਗ੍ਰਾਮੋਫ਼ੋਨ ਰਿਕਾਰਡਾਂ ਲਈ ਕੇਸਰ ਸਿੰਘ ਨਰੂਲਾ, ਚਰਨਜੀਤ ਅਹੂਜਾ ਦੀ ਮੁਰੱਤਬਿ ਮੌਸੀਕੀ ਵਿੱਚ ਭੁੱਲਾ ਰਾਮ ਚੰਨ ਉਰਫ਼ ਚੰਨ ਗੁਰਾਇਆਂ ਵਾਲੇ ਦੇ ਲਿਖੇ ਅਨੇਕਾਂ ਲੋਕ ਗੀਤ ਗਾਏ। ਇਸ ਜੋੜੀ ਦਾ ਪਹਿਲਾ ਪੱਥਰ ਦਾ ਯਾਨੀ 78 ਆਰਪੀਐੱਮ. ਦਾ ਰਿਕਾਰਡ 1966 ਵਿੱਚ ਜਾਰੀ ਹੋਇਆ। ਉਸ ਤੋਂ ਬਾਅਦ ਕਈ ਈ. ਪੀ. ਰਿਕਾਰਡ ਆਉਣ ਤੋਂ ਇਲਾਵਾ ਐੱਚਐੱਮਵੀ ਕੰਪਨੀ ਤੇ ਹੋਰਨਾਂ ਕੰਪਨੀਆਂ ਵਿੱਚ ਅਨੇਕਾਂ ਆਡੀਓ ਕੈਸੇਟਾਂ ਵੀ ਰਿਲੀਜ਼ ਹੋਈਆਂ।
1966 ਤੋਂ 1985 ਤੱਕ ਇਸ ਜੋੜੀ ਨੇ ਪੰਜਾਬ ਦੇ ਪਿੰਡਾਂ ਵਿੱਚ ਇਕੱਠੇ ਬਹੁਤ ਅਖਾੜੇ ਲਾਏ। ਫਿਰ ਇਨ੍ਹਾਂ ਨੇ ਵਿਆਹ ਕਰਵਾ ਲਿਆ। ਪ੍ਰੋਮਿਲਾ ਪੰਮੀ ਉਰਫ਼ ਪ੍ਰੋਮਿਲਾ ਦੇਵੀ (1948) ਜੋ ਲੁਧਿਆਣਾ ਦੇ ਪੰਜਾਬੀ ਪੰਡਤਾਂ ਦੀ ਧੀ ਹੈ, ਉਹ ਪੰਜਾਬ ਦੇ ਬੁਰੇ ਸਮੇਂ ਦੌਰਾਨ ਗੁਰਚਰਨ ਪੋਹਲੀ ਨਾਲ ਪੱਕੇ ਤੌਰ ’ਤੇ ਅਮਰੀਕਾ ਜਾ ਵੱਸੀ। ਅੱਜਕੱਲ੍ਹ ਇਹ ਮਕਬੂਲ ਜੋੜੀ ਅਮਰੀਕਾ ਵਿਖੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗ਼ੀ ਬਸਰ ਕਰ ਰਹੀ ਹੈ। ਅੱਜ ਵੀ 80 ਸਾਲਾ ਗੁਰਚਰਨ ਪੋਹਲੀ ਦੀ ਅਦਾਕਾਰੀ ਤੇ ਗੁਲੂਕਾਰੀ ਨੂੰ ਸੁਣਨ ਤੇ ਪਸੰਦ ਕਰਨ ਵਾਲਿਆਂ ਦੀ ਵੱਡੀ ਤਾਦਾਦ ਹੈ।
ਸੰਪਰਕ: 97805-09545