ਮੁੰਬਈ: ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ ਸਰਕਾਰ ਦੀ ਭਾਈਵਾਲ ਪਾਰਟੀ ਐੱਨਸੀਪੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂ ਚੋਣਾਂ ਦਾ ਲਾਹਾ ਲੈਣ ਲਈ ਦੇਸ਼ ਵਿੱਚ ‘ਜਨ ਆਸ਼ੀਰਵਾਦ ਯਾਤਰਾ’ ਕੱਢ ਰਹੇ ਹਨ। ਹਾਲਾਂਕਿ ਕਰੋਨਾਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਐੱਨਸੀਪੀ ਦੇ ਮੁੱਖ ਤਰਜਮਾਨ ਅਤੇ ਸੂਬਾਈ ਮੰਤਰੀ ਨਵਾਬ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਚੋਣਾਂ ਨਾਲੋਂ ਲੋਕਾਂ ਦੀ ਜਾਨ ਜ਼ਿਆਦਾ ਅਹਿਮੀਅਤ ਰੱਖਦੀ ਹੈ। ਜ਼ਿਕਰਯੋਗ ਹੈ ਕਿ ਨਵੇਂ ਬਣੇ ਕੇਂਦਰੀ ਮੰਤਰੀ ਨਰਾਇਣ ਰਾਣੇ, ਭਾਰਤੀ ਪਵਾਰ, ਕਪਿਲ ਪਾਟਿਲ ਅਤੇ ਭਗਵਦ ਕਰਾਡ ਵੱਲੋਂ ਮਹਾਰਾਸ਼ਟਰ ਵਿੱਚ ਲੋਕਾਂ ਤੱਕ ਪਹੁੰਚ ਬਣਾਉਣ ਲਈ ਜਨ-ਅਸ਼ੀਰਵਾਦ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਯਾਤਰਾਵਾਂ ਦਾ ਮਕਸਦ ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਵੀ ਹੈ। -ਪੀਟੀਆਈ