ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਅਗਸਤ ਨੂੰ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਆਨਲਾਈਨ ਉਦਘਾਟਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਕਰੋਨਾ ਕਾਰਨ ਇਸ ਨੂੰ ਕਈ ਵਾਰ ਖੋਲ੍ਹਣ ਦੀਆਂ ਤਰੀਕਾਂ ਮਿਥੀਆਂ ਗਈਆਂ ਸਨ। ਅੱਜ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਰਘੁਵੇਂਦਰ ਸਿੰਘ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਮਲਿਕ ਨੇ ਦੱਸਿਆ ਕਿ ਕਰੋਨਾ ਦੇ ਚਲਦਿਆਂ ਫ਼ਿਲਹਾਲ ਇਸ ਦੀ ਆਰੰਭਤਾ ਦੇ ਸਮਾਗਮ ਵਿੱਚ ਕੋਈ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਤੌਰ ’ਤੇ ਦਿੱਲੀ ਤੋਂ ਹੀ ਇਸ ਨੂੰ ਲੋਕ ਅਰਪਣ ਕੀਤਾ ਜਾਵੇਗਾ।