ਸਤਵਿੰਦਰ ਬਸਰਾ
ਲੁਧਿਆਣਾ, 25 ਫਰਵਰੀ
ਅੰਡਰ-ਗ੍ਰੈਜੂਏਟ ਅਤੇ ਡਿਪਲੋਮਾ ਵਿਦਿਆਰਥੀਆਂ ਦੀ ਪ੍ਰੀਖ਼ਿਆ ਆਨਲਾਈਨ ਲਏ ਜਾਣ ਦੇ ਫ਼ੈਸਲੇ ਤੋਂ ਬਾਅਦ ਅੱਜ ਪੀਏਯੂ ਵਿੱਚ ਐੱਮਐੱਸਸੀ ਅਤੇ ਪੀਐੱਚਡੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਵੀ ਇਹੋ ਮੰਗ ਕਰਦਿਆਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰੀਖ਼ਿਆ ਆਫ਼ਲਾਈਨ ਦੀ ਥਾਂ ਆਨਲਾਈਨ ਨਾ ਲਈ ਗਈ ਤਾਂ ਆਉਂਦੇ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਪਿਛਲੇ ਕਈ ਦਿਨਾਂ ਤੋਂ ਪੀਏਯੂ ਵਿੱਚ ਧਰਨਾ ਲਾ ਕੇ ਆਨਲਾਈਨ ਪ੍ਰੀਖ਼ਿਆ ਲੈਣ ਦੀ ਮੰਗ ਕਰਦੇ ਅੰਡਰ-ਗ੍ਰੈਜੂਏਟ ਅਤੇ ਡਿਪਲੋਮਾ ਕੋਰਸਾਂ ਵਾਲੇ ਵਿਦਿਆਰਥੀਆਂ ਦੀ ਬੀਤੇ ਦਿਨ ਹੀ ਪ੍ਰੀਖਿਆ ਆਨਲਾਈਨ ਲੈਣ ਦੀ ਮੰਗ ਮੰਨੀ ਗਈ ਹੈ। ਪਰ ਹੁਣ ਐੱਮਐੱਸਸੀ ਦੂਜਾ ਸਮੈਸਟਰ ਅਤੇ ਪੀਐੱਚਡੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਵੀ ਇਹੋ ਮੰਗ ਕਰਦਿਆਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਵਿਦਿਆਰਥੀਆਂ ਦਾ ਅੱਜ ਆਫਲਾਈਨ ਇਮਤਿਹਾਨ ਸੀ ਜਿਸ ਦਾ ਉਨ੍ਹਾਂ ਨੇ ਪੂਰੀ ਤਰ੍ਹਾਂ ਬਾਈਕਾਟ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਹੋਰਨਾਂ ਵਿਦਿਆਰਥੀਆਂ ਦੀ ਤਰ੍ਹਾਂ ਉਨ੍ਹਾਂ ਦੀ ਪੜ੍ਹਾਈ ਵੀ ਆਨਲਾਈਨ ਹੋਈ ਹੈ ਪਰ ਪ੍ਰੀਖਿਆ 24 ਤੋਂ 7 ਮਾਰਚ ਤੱਕ ਆਫਲਾਈਨ ਲੈਣ ਦੀ ਡੇਟਸ਼ੀਟ ਜਾਰੀ ਕੀਤੀ ਹੋਈ ਹੈ। ਧਰਨਾ ਦੇਣ ਵਾਲੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ’ਵਰਸਿਟੀ ਅਧਿਕਾਰੀਆਂ ਨੇ ਪ੍ਰੀਖ਼ਿਆ ਆਨਲਾਈਨ ਲੈਣ ਸਬੰਧੀ ਕੋਈ ਨੋਟਿਸ ਜਾਰੀ ਨਾ ਕੀਤਾ ਤਾਂ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।