ਨੌਜਵਾਨ ਬਨਾਮ ਅਸੁਰੱਖਿਅਤ ਭਵਿੱਖ
ਪਹਿਲੀ ਸਤੰਬਰ ਦੇ ਅੰਕ ਵਿਚ ਕਮਲਜੀਤ ਕੌਰ ਗੁੰਮਟੀ ਨੇ ਆਪਣੀ ਰਚਨਾ ‘ਨੌਜਵਾਨ ਹੀ ਦੇਸ਼ ਦਾ ਅਸਲੀ ਸਰਮਾਇਆ’ ਵਿਚ ਸਾਡੇ ਨੌਜਵਾਨਾਂ ਦੇ ਮਨਾਂ ਵਿਚ ਪਸਰੇ ਅਸੁਰੱਖਿਅਤ ਭਵਿੱਖ ਦੇ ਡਰ ਕਾਰਨ ਉਨ੍ਹਾਂ ਦੇ ਇੱਥੋਂ ਮਜਬੂਰੀ ’ਚ ਪਰਵਾਸ ਕਰਨ ਨੂੰ ਢੁਕਵੇਂ ਸ਼ਬਦਾਂ ਵਿਚ ਚਿਤਰਿਆ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਾਂਤ ਹੀ ਹੈ ਕਿ ਉੱਚ ਵਿਦਿਅਕ ਯੋਗਤਾਵਾਂ ਦੇ ਬਾਵਜੂਦ ਉਹ ਆਪਣੀਆਂ ਅੱਖਾਂ ਵਿਚ ਸਮੋਏ ਸੁਪਨਿਆਂ ਨੂੰ ਸਕਾਰ ਕਰਨ ਲਈ ਪਰਵਾਸ ਨੂੰ ਹੀ ਇਕੋ-ਇਕ ਅੰਤਿਮ ਹੱਲ ਮੰਨੀ ਬੈਠੇ ਹਨ। ਸਾਡੀਆਂ ਸਰਕਾਰਾਂ ਨੂੰ ਇਸ ਬਹੁਮੁੱਲੇ ਸਰਮਾਏ ਨੂੰ ਬਿਗਾਨਿਆਂ ਦੇ ਹੱਥਾ ਵਿਚ ਸੌਂਪਣ ਤੋਂ ਬਚਾਉਣ ਦੀ ਲੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
ਇਨਸਾਫ਼ ਨਹੀਂ ਮਿਲਦਾ
31 ਅਗਸਤ ਨੂੰ ਮੁੱਖ ਪੰਨੇ ਉੱਤੇ ਖ਼ਬਰ ਪੜ੍ਹੀ ਕਿ ਗੁਜਰਾਤ ਦੰਗਿਆਂ ਦੀਆਂ 11 ਪਟੀਸ਼ਨਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੀ ਸਫ਼ਾਈ ’ਚ ਇਹ ਕਿਹਾ ਗਿਆ ਹੈ: ‘‘ਇਸ ਮਾਮਲੇ ’ਚ ਹੁਣ ਕੁਝ ਨਹੀਂ ਰਿਹਾ। ਤੁਸੀਂ ਕਦੋਂ ਤਕ ਦੱਬੇ ਮੁਰਦੇ ਪੁੱਟਦੇ ਰਹੋਗੇ।’’ ਦੱਬੇ ਮੁਰਦਿਆਂ ਦਾ ਤਾਂ ਪਤਾ ਨਹੀਂ ਪਰ ਇਕ ਵਾਰ ਸੋਚ ਕੇ ਦੇਖੋ ਬਿਲਕੀਸ ਬਾਨੋ ਤੇ ਉਨ੍ਹਾਂ ਵਰਗੇ ਹਜ਼ਾਰਾਂ ਲੋਕਾਂ ਬਾਰੇ, ਜੋ ਗੁਜਰਾਤ ਦੰਗਿਆਂ ਦਾ ਸ਼ਿਕਾਰ ਹੋਏ ਹਨ। ਕੀ ਭਵਿੱਖ ਵਿਚ ਵੀ ਇਹੀ ਸਭ ਹੁੰਦਾ ਰਹੇਗਾ? ਦੰਗੇ ਭੜਕਾਉਣ ਅਤੇ ਕਤਲੇਆਮ ਕਰਨ ਵਾਲੇ ਇਸੇ ਤਰ੍ਹਾਂ ਬਚਦੇ ਰਹਿਣਗੇ? ਕੀ ਕਸੂਰ ਸੀ ਬਿਲਕੀਸ ਬਾਨੋ ਤੇ ਉਸ ਦੀ 3 ਸਾਲ ਦੀ ਬੱਚੀ ਦਾ, ਉਨ੍ਹਾਂ ਲੋਕਾਂ ਦਾ ਜੋ ਗੁਜਰਾਤ ਦੇ ਦੰਗਿਆਂ ਵਿਚ ਮਾਰੇ ਗਏ? ਇਨਸਾਫ਼ ਦੀ ਉਡੀਕ ਕਈ ਸਾਲਾਂ ਤਕ ਚੱਲਦੀ ਰਹਿੰਦੀ ਹੈ, ਫਿਰ ਵੀ ਇਨਸਾਫ਼ ਨਹੀਂ ਮਿਲਦਾ।
ਏਕਮਪ੍ਰੀਤ ਕੌਰ, ਲੁਧਿਆਣਾ
ਨਵੀਂ ਸੋਚ
29 ਅਗਸਤ ਦੇ ਅੰਕ ਵਿਚ ਪ੍ਰੋ. ਮੋਹਣ ਸਿੰਘ ਦਾ ਲੇਖ ‘ਵਿਗਿਆਨ ਅਤੇ ਵਿਹਾਰ’ ਪੜ੍ਹਿਆ। ਉਨ੍ਹਾਂ ਠੀਕ ਲਿਖਿਆ ਹੈ ਕਿ ਅੱਜ ਵਿਗਿਆਨ ਦਾ ਯੁੱਗ ਹੈ। ਉਨ੍ਹਾਂ ਇਸ ਯੁੱਗ ਵਿਚ ਵਿਗਿਆਨ ਦੇ ਦੋ ਰੂਪ ਦੱਸੇ ਹਨ। ਇਕ ਹੈ ਵਿਗਿਆਨ ਦਾ ਉਸਾਰੂ ਪੱਖ ਤੇ ਦੂਜਾ ਤਬਾਹੀ ਵਾਲਾ ਪੱਖ। ਉਨ੍ਹਾਂ ਲਿਖਿਆ ਹੈ ਕਿ ਵਿਗਿਆਨ ਮਾਨਵ ਕਲਿਆਣ ਲਈ ਹੋਵੇ ਤੇ ਉਹ ਸਾਰੇ ਉਦੇਸ਼ ਜਾਂ ਆਦਰਸ਼ ਜੋ ਸਾਇੰਸ ਨੂੰ ਤਬਾਹੀ ਵੱਲ ਲਿਜਾਂਦੇ ਹੋਣ, ਹਮੇਸ਼ਾ ਲਈ ਤਿਆਗੇ ਜਾਣ। ਉਨ੍ਹਾਂ ਨੇ ਧਰਮਾਂ ਬਾਰੇ ਠੀਕ ਲਿਖਿਆ ਹੈ ਕਿ ‘‘ਪੁਰਾਣੇ ਅਧਿਆਤਮਕ ਦੀ ਕੁੱਖ ’ਚੋਂ ਪੁੰਗਰੇ ਹੋਏ ਲਗਭਗ ਸਾਰੇ ਧਰਮ ਆਪਣੀ ਉਪਭੋਗਤਾ ਭੋਗ ਚੁੱਕੇ ਹਨ’’। ਭਾਰਤ ਵਿਚ ਵਧ ਰਿਹਾ ਧਾਰਮਿਕ ਕੱਟੜਵਾਦ ਦੇਸ਼ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ। ਇਸ ਨੂੰ ਰੋਕਣ ਦਾ ਸਹੀ ਢੰਗ ਪ੍ਰੋ. ਮੋਹਣ ਸਿੰਘ ਨੇ ਨਵੀਂ ਪੀੜ੍ਹੀ ਨੂੰ ਨਵੀਂ ਸੋਚ ਅਪਨਾਉਣ ਦਾ ਸੁਝਾਅ ਦਿੱਤਾ ਹੈ।
ਡਾ. ਚਰਨਜੀਤ ਸਿੰਘ ਗੁਮਟਾਲਾ, ਡੇਟਨ (ਅਮਰੀਕਾ)
(2)
ਪ੍ਰੋ. ਮੋਹਣ ਸਿੰਘ ਦੀ ਰਚਨਾ ‘ਵਿਗਿਆਨ ਅਤੇ ਵਿਹਾਰ’ ਪਾਠਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਵਿਚ ਸਹਾਇਤਾ ਕਰੇਗੀ। ਵਿਗਿਆਨਕ ਸੋਚ ਵਾਲਾ ਬੰਦਾ ਵਹਿਮਾਂ-ਭਰਮਾਂ ਤੋਂ ਉੱਪਰ ਹੋਵੇਗਾ। ਸੰਕੀਰਨ ਅਤੇ ਤੰਗਦਿਲੀ ਉਸ ਦੀ ਸੋਚ ਵਿਚ ਕਦੇ ਨਹੀਂ ਆ ਸਕਦੀ।
ਸੰਤ ਸਿੰਘ ਬੀਹਲਾ, ਈਸੜਾ (ਸੰਗਰੂਰ)
(3)
ਪ੍ਰੋ. ਮੋਹਣ ਸਿੰਘ ਦਾ ਲੇਖ ‘ਵਿਗਿਆਨ ਤੇ ਵਿਹਾਰ’ ਮੌਜੂਦਾ ਦੌਰ ਦੇ ਸਿਆਸੀ ਵਰਤਾਰੇ ਦੀਆਂ ਗੁਪਤ ਨੀਤੀਆਂ ਨੂੰ ਉਜਾਗਰ ਕਰਦਾ ਹੈ। ਅੱਜ ਦੇ ਦੌਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਪਾਰਟੀ ਏਜੰਡੇ ਨੂੰ ਧਰਮ ਦੀ ਸਿਆਸਤ ਨਾਲ ਮਿਲਗੋਭਾ ਕਰਕੇ ਸੌੜੇ ਹਿੱਤਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਪਣੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ ਪਰ ਅਜਿਹੇ ਪੈਂਤੜੇ ਦੇਸ਼ ਦੀ ਛਵੀ ਤੇ ਨਾਗਰਿਕਾਂ ਦਾ ਸਿਆਸੀ ਬੌਧਿਕਤਾ ਪੱਧਰ ਨੀਵਾਂ ਕਰ ਰਹੇ ਹਨ। ਸੰਸਾਰ ਵਿਚ ਬਹੁਤ ਸਾਰੇ ਦੇਸ਼ ਵਿਗਿਆਨਕ ਸਿੱਖਿਆ ਅਤੇ ਭਾਸ਼ਾਵਾਂ ਨਾਲ ਵਿਤਕਰੇ ਨਾ ਕਰਕੇ ਮੋਹਰੀ ਬਣੇ ਪਰ ਸਾਡੇ ਦੇਸ਼ ਦਾ ਸਿਆਸੀ ਵਪਾਰੀਕਰਨ, ਮੁਫ਼ਤ ਰਿਆਇਤਾਂ ਅਤੇ ਧਰਮ ਦੇ ਝੰਡੇ ਹੇਠ ਆਪਣੀਆਂ ਰੋਟੀਆਂ ਸੇਕਣ ਵਿਚ ਮਗਨ ਹਨ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਲੇਰਕੋਟਲਾ)
ਰੋਜ਼ ਦਾ ਤਮਾਸ਼ਾ
30 ਅਗਸਤ ਦੇ ਨਜ਼ਰੀਆ ਪੰਨੇ ’ਤੇ ਬੀਰਦਵਿੰਦਰ ਸਿੰਘ ਦਾ ਲੇਖ ‘ਹੋਤਾ ਹੈ ਸ਼ਬ-ਓ-ਰੋਜ਼ ਤਮਾਸ਼ਾ ਮੇਰੇ ਆਗੇ’ ਪੜ੍ਹਿਆ। ਇਹ ਸਾਡੇ ਮੁਲਕ ਦਾ ਮੂੰਹੋਂ ਬੋਲਦਾ ਸੱਚ ਹੈ। ਕਾਰਪੋਰੇਟ ਕਲਚਰ ਦੇ ਮੱਕੜਜਾਲ ਨੇ ਭਾਵੇਂ ਸਾਰੇ ਗਲੋਬ ਨੂੰ ਹੀ ਆਪਣੇ ਜਬਾੜਿਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਪਰ ਸਾਡੇ ਮੁਲਕ ’ਚ ਤਾਂ ਇਸ ਨੇ ਆਪਣੀਆਂ ਤਣੀਆਂ ਇੰਨੀਆਂ ਕੱਸ ਦਿੱਤੀਆਂ ਹਨ ਕਿ ਸਾਧਾਰਨ ਜਨਤਾ ਦੇ ਆਨੇ ਬਾਹਰ ਲਿਆ ਦਿੱਤੇ ਹਨ। ਬਾਂਹ ਫੜਨ ਵਾਲਾ ਕੋਈ ‘ਵਿਰੋਧੀ’ ਵੀ ਨਹੀਂ ਦਿਸਦਾ ਤੇ ਜਿਨ੍ਹਾਂ ਕੋਲ ਫ਼ਰਿਆਦ ਕਰਨੀ ਹੈ, ਉਹ ਗਲ ਅੰਗੂਠਾ ਦੇਣ ਵਾਲਿਆਂ ਨਾਲ ਘਿਉ ਖਿਚੜੀ ਹਨ।
ਕੁਲਦੀਪ ਸਿੰਘ ਰੋਮਾਣਾ (ਬਠਿੰਡਾ)
ਜ਼ਿੰਦਗੀ ਦੀ ਤੋਰ
27 ਅਗਸਤ ਨੂੰ ਸਤਰੰਗ ਪੰਨੇ ਉੱਤੇ ਕਰਨੈਲ ਸਿੰਘ ਸੋਮਲ ਦਾ ਲੇਖ ‘ਯਾਤਰਾ ਆਪਣੀ ਆਪਣੀ’ ਪੜ੍ਹਿਆ। ਯਥਾਰਥ ਦੀ ਤੱਕੜੀ ’ਤੇ ਪੂਰੀ ਤਰ੍ਹਾਂ ਤੁਲ ਰਿਹਾ ਲੇਖ, ਸਾਹਮਣੇ ਵਾਪਰੀਆਂ ਘਟਨਾਵਾਂ ਦੇ ਜ਼ਬਾਨੀ, ਪਾਠਕ ਨੂੰ ਸੰਘਰਸ਼ ਦੀ ਡੰਡੀ ’ਤੇ ਤੁਰਨ ਲਈ ਹੁਲਾਰਾ ਦਿੰਦਾ ਹੈ। ਸੰਘਰਸ਼ ਜ਼ਿੰਦਗੀ ਦੇ ਕਣ ਕਣ ਵਿਚ ਰਮਿਆ ਹੋਇਆ ਹੈ, ਫਿਰ ਮਨੁੱਖ ਦਾ ਜੀਵਨ ਇਸ ਤੋਂ ਵਿਰਵਾ ਹੋ ਹੀ ਨਹੀਂ ਸਕਦਾ। ਵਿਹਲੇ ਬੈਠ ਕੇ ਐਸ਼ੋ-ਆਰਾਮ ਦੀ ਜ਼ਿੰਦਗੀ, ਜ਼ਿੰਦਗੀ ਵਿਚ ਲੁਕੀਆਂ ਅਨੇਕਾਂ ਸੱਚਾਈਆਂ ਦੇ ਦਰਸ਼ਨ ਨਹੀਂ ਕਰਾ ਸਕਦੀ। ਸੰਘਰਸ਼ ਨਾਲ ਹੀ ਮਨੁੱਖ ਜ਼ਿੰਦਗੀ ਦੀ ਰੂਹ ਸਮਝਣ ਵਿਚ ਕਾਮਯਾਬ ਹੋ ਸਕਦਾ ਹੈ। ਸਾਡਾ ਆਲਾ ਦੁਆਲਾ ਹਮੇਸ਼ਾ ਕਰਵਟ ਲੈ ਰਿਹਾ ਹੁੰਦਾ ਹੈ। ਇਸ ਕਰਵਟ ਨਾਲ ਹੀ ਜ਼ਿੰਦਗੀ ਦੀ ਤੋਰ ਰੁਕਦੀ ਨਹੀਂ, ਸਗੋਂ ਚੱਲਦੀ ਰਹਿੰਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਬੀਬੇ ਗੈਂਗਸਟਰ
ਜੋਧ ਸਿੰਘ ਮੋਗਾ ਦੀ ਰਚਨਾ ‘ਬੀਬੇ ਗੈਂਗਸਟਰ’ (18 ਅਗਸਤ) ਬੜਾ ਕੁਝ ਬਿਆਨ ਕਰਦੀ ਹੈ। ਲੇਖਕ ਨੇ ਠੀਕ ਲਿਖਿਆ ਹੈ ਕਿ ਗੈਂਗਸਟਰ ਪਹਿਲਾਂ ਵੀ ਹੁੰਦੇ ਸਨ ਪਰ ਉਹ ਹੁਣ ਵਾਲਿਆਂ ਵਾਂਗੂੰ ਨਸ਼ੇ-ਪੱਤੇ ਨਹੀਂ ਸਨ ਕਰਦੇ ਤੇ ਨਾ ਹੀ ਰਾਈਫ਼ਲਾਂ, ਗੰਡਾਸੇ, ਕਿਰਪਾਨਾਂ ਅਤੇ ਨਾ ਹੀ ਲੰਡੀਆਂ ਜੀਪਾਂ ਰੱਖਦੇ ਸਨ। 10 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਜੈ ਕੁਮਾਰ ਦੀ ਰਚਨਾ ‘ਫ਼ੀਸ ਵਾਲੇ ਪੈਸੇ’ ਜਿਉਂ ਜਿਉਂ ਪੜ੍ਹਦਾ ਗਿਆ, ਰਚਨਾ ਧੁਰ ਅੰਦਰ ਤਕ ਲਹਿੰਦੀ ਗਈ। ਰਚਨਾ ਬੜਾ ਕੁਝ ਕਹਿ ਰਹੀ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)