ਸਿਡਨੀ, 26 ਨਵੰਬਰ
ਭਾਰਤੀ ਕ੍ਰਿਕਟ ਟੀਮ ਦਾ ਆਸਟੇਲੀਆ ਨਾਲ ਪਹਿਲਾ ਇਕ ਦਿਨਾ ਮੈਚ ਭਲਕੇ ਸਿਡਨੀ ਵਿਚ ਹੋਵੇਗਾ। ਕਰੋਨਾ ਕਾਲ ਦੌਰਾਨ ਭਾਰਤ ਲੰਬੇ ਸਮੇਂ ਬਾਅਦ ਕਿਸੇ ਦੇਸ਼ ਨਾਲ ਲੜੀ ਖੇਡ ਰਿਹਾ ਹੈ ਪਰ ਭਾਰਤ ਨੂੰ ਆਪਣੇ ਬਿਹਤਰੀਨ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਮੀ ਮਹਿਸੂਸ ਹੋਵੇਗੀ ਤੇ ਭਾਰਤ ਵਲੋਂ ਓਪਨਰ ਵਜੋਂ ਮਿਅੰਕ ਅਗਰਵਾਲ ਨੂੰ ਖਿਡਾਉਣ ਦੀ ਸੰਭਾਵਨਾ ਹੈ।
ਭਾਰਤ ਨੇ ਕਰੋਨਾ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਇਕ ਦਿਨਾ ਮੈਚ ਖੇਡਿਆ ਸੀ ਤੇ 8 ਮਹੀਨੇ ਬਾਅਦ ਦਰਸ਼ਕਾਂ ਦੀ ਹਾਜ਼ਰੀ ਵਿਚ ਮੈਚ ਹੋਵੇਗਾ। ਟੀਮ ਦਾ ਮੁਕਾਬਲਾ ਵਿਸ਼ਵ ਦੀ ਮੋਹਰੀ ਟੀਮ ਆਸਟਰੇਲੀਆ ਨਾਲ ਹੋਵੇਗਾ। ਆਸਟਰੇਲੀਆ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਹਰਾਉਣਾ ਸੌਖਾ ਨਹੀਂ ਹੈ ਜਿਸ ਦਾ ਮੇਜ਼ਬਾਨ ਟੀਮ ਨੂੰ ਫਾਇਦਾ ਹੋ ਸਕਦਾ ਹੈ। ਇਸ ਵਾਰ ਭਾਰਤ ਦੀ ਜਰਸੀ ਵਿਚ ਬਦਲਾਅ ਕੀਤਾ ਗਿਆ ਹੈ ਤੇ ਭਾਰਤੀ ਟੀਮ 1992 ਦੇ ਵਿਸ਼ਵ ਕੱਪ ਦੀ ਨੀਲੀ ਜਰਸੀ ਵਿਚ ਨਜ਼ਰ ਆਵੇਗੀ। ਇਹ ਵੀ ਚਰਚੇ ਹਨ ਕਿ ਸ਼ਿਖਰ ਧਵਨ ਨਾਲ ਮਿਅੰਕ ਪਾਰੀ ਦੀ ਸ਼ੁਰੂਆਤ ਕਰਨਗੇ ਪਰ ਉਨ੍ਹਾਂ ਨੂੰ ਮਿਸ਼ੇਲ ਸਟਾਰਕ ਤੇ ਪੈਟ ਕਮਿਨਜ਼ ਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਚ ਜ਼ਿਆਦਾਤਰ ਪਿੱਚਾਂ ਉਛਾਲ ਵਾਲੀਆਂ ਹਨ ਜੋ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੁੰਦੀਆਂ ਹਨ। ਭਾਰਤੀ ਖੇਮੇ ਲਈ ਇਹ ਵੀ ਬੁਰੀ ਖਬਰ ਹੈ ਕਿ ਸਟੀਵ ਸਮਿੱਥ ਆਪਣੀ ਲੈਅ ਵਿਚ ਵਾਪਸ ਆ ਗਏ ਹਨ ਤੇ ਡੇਵਿਡ ਵਾਰਨਰ ਵੀ ਚੰਗੀ ਫਾਰਮ ਵਿਚ ਚਲ ਰਿਹਾ ਹੈ। ਇਸ ਹਾਲਾਤ ਵਿਚ ਭਾਰਤ ਨੂੰ ਆਸਟਰੇਲੀਆ ਦੀ ਜ਼ਮੀਨ ਵਿਚ ਹਰਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਦੀ ਟੇਕ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ’ਤੇ ਰਹੇਗੀ। ਭਾਰਤ ਕੋਲ ਤੇਜ਼ ਗੇਂਦਬਾਜ਼ ਵਜੋਂ ਭੁਵਨੇਸ਼ਵਰ ਕੁਮਾਰ ਵੀ ਮੌਜੂਦ ਹੈ। ਇਨ੍ਹਾਂ ਤੋਂ ਇਲਾਵਾ ਨਵਦੀਪ ਸੈਣੀ ਤੇ ਸ਼ਰਦੁਲ ਠਾਕੁਰ ਵਿਚੋਂ ਇਕ ਨੂੰ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਪਰ ਇਸ ਬਾਰੇ ਐਲਾਨ ਮੈਚ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਤਾ ਜਾਵੇਗਾ।
ਭਾਰਤ: ਵਿਰਾਟ ਕੋਹਲੀ ਕਪਤਾਨ, ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਿਆ, ਮਿਅੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਸ਼ਰਦੁਲ ਠਾਕੁਰ।
ਆਸਟਰੇਲੀਆ: ਐਰੋਨ ਫਿੰਚ ਕਪਤਾਨ, ਡੇਵਿਡ ਵਾਰਨਰ, ਸਟੀਵ ਸਮਿੱਥ, ਮਾਰਨਸ ਲਾਬੂਸ਼ੇਨ, ਗਲੈਨ ਮੈਕਸਵੈਲ, ਮਾਰਕਸ ਸਟੋਇਨਿਸ, ਅਲੈਕਸ ਕਾਰੇ, ਪੈਟ ਕਮਿਨਜ਼, ਮਿਸ਼ੇਲ ਸਟਾਰਕ, ਐਡਮ ਜੰਪਾ, ਜੋਸ਼ ਹੇਜ਼ਲਵੁਡ, ਸੀਨ ਐਬੋਟ, ਅਸ਼ਟੋਨ ਐਗਰ, ਕੈਮਰਨ ਗਰੀਨ, ਹੈਨਰਿਕਸ, ਐਂਡਰਿਊ ਟਾਏ, ਡੈਨੀਅਲ ਸੈਮਜ਼, ਮੈਥਿਊ ਵੇਡ।
-ਪੀਟੀਆਈ