ਬਲਦੇਵ ਸਿੰਘ (ਸੜਕਨਾਮਾ)
ਪੈਗੰਬਰੀ ਪ੍ਰਵਚਨਾਂ ਨਾਲ ਨਾਵਲ ‘ਮੈਲੀ ਮਿੱਟੀ’ (ਲੇਖਕ: ਹਰਵਿੰਦਰ ਭੰਡਾਲ; ਕੀਮਤ: 160 ਰੁਪਏ; 5ਆਬ ਪਬਲੀਕੇਸ਼ਨ, ਜਲੰਧਰ) ਸ਼ੁਰੂ ਹੁੰਦਾ ਹੈ। ਆਤਮਾ, ਜਿਸਮ, ਮੌਤ ਆਦਿ। ਘਰ ਵਿਚ ਬੱਚਿਆਂ ਦੀਆਂ ਖੇਡਾਂ ਖੇਡਦੇ ਬੱਚੇ ਵੱਡੇ ਹੋਣ ਲੱਗਦੇ ਹਨ। ਵੱਡੇ ਹੋਣ ’ਤੇ ਭਾਵਨਾਵਾਂ ਵੀ ਤੇ ਖ਼ਾਹਿਸ਼ਾਂ ਵੀ ਜਵਾਨ ਹੋਣ ਲੱਗਦੀਆਂ ਹਨ। ਫਿਰ ਬਾਗ਼ ਵਿਚ ਸੈਰ ਦੇ ਬਹਾਨੇ ਜਾਂ ਬਾਜ਼ਾਰ ਦੀ ਸੜਕ ਉਪਰ ਤੁਰਦਿਆਂ ਹਰ ਰੋਜ਼ ਦੇ ਵਰਤਾਰੇ ਅਤੇ ਘਟਨਾਵਾਂ ਦਾ ਸਿਲਸਿਲਾ ਚਲਦਾ ਹੈ। ਕਦੇ ਦੇਸ਼ ਵਿਚ ਲੱਗੀ ਐਮਰਜੈਂਸੀ ਦੇ ਦਿਨ, ਕਦੇ ਨਕਸਲੀ ਸਮਾਂ, ਕਦੇ ਪੰਜਾਬ ਦੇ ਕਾਲੇ ਦਿਨਾਂ ਦੀ ਝਲਕ ਤੇ ਕਦੇ ਮਲੰਗੀ ਡਾਕੂ ਲਾਹੌਰੀਏ ਬਦਮਾਸ਼ ਦਾ ਜ਼ਿਕਰ ਅਤੇ ਨਾਵਲ ਅੱਗੇ ਵਧਦਾ ਜਾਂਦਾ ਹੈ।
ਬਿਰਤਾਂਤਕਾਰ ਡਰੋਨਮਈ ਕੁਮੈਂਟਰੀ ਕਰਦਾ ਤੁਰਿਆ ਜਾਂਦਾ ਹੈ, ਕਦੇ ਪਿੰਡਾਂ ਦੀ, ਕਦੇ ਸ਼ਹਿਰਾਂ ਦੀ, ਕਦੇ ਬਹੁਤ ਪਿੱਛੇ ਦੇ ਸਮੇਂ ਦੀ, ਕਦੇ ਬਾਗ਼ ਦੀ, ਮੁਹੱਲੇ ਦੀ, ਕਦੇ ਸੜਕਾਂ ਦੀ, ਵਿਚ-ਵਿਚ ਵਿਅੰਗ ਦੀ ਪੁੱਠ ਨਾਲ ਬਿਰਤਾਂਤ ਵਿਚ ਰੌਚਿਕਤਾ ਦਿਸਦੀ ਹੈ। ਕਥਾ ਤੁਰਦੀ ਹੈ, ਪਾਲਾ ਤੇ ਪਿੰਕੀ, ਸੁਖਵੰਤ ਤੇ ਲਾਲੀ, ਨਿੱਕਿਆਂ ਤੋਂ ਵੱਡੇ ਹੋਇਆਂ ਦਾ ਕੱਚਾ ਇਸ਼ਕ, ਇਉਂ ਹਰਪਾਲ ਤੇ ਪਾਸ਼ੋ, ਕਦੇ ਕੇਹਰੂ ਆ ਕੇ ਰੰਗ ਵਿਚ ਭੰਗ ਪਾਉਂਦਾ ਲੱਗਦਾ ਹੈ ਪਰ ਪਾਤਰ ਆਪਣੇ ਜੀਵਨ ਪੰਧ ’ਤੇ ਅੱਗੇ ਤੁਰਦੇ ਹਨ ਤੇ ਨਾਲ ਬਦਲਦੇ ਸਮੇਂ ਨਾਲ ਸੰਕਟ ਤੇ ਜੀਵਨ-ਜਾਚ ਵੀ ਬਦਲਦੀ ਜਾਂਦੀ ਹੈ।
ਕਥਾ ਦੇ ਪਾਤਰ ਸੁਖਵੰਤ, ਕਵਿਤਾ, ਸਰਘੀ, ਖੁਸ਼ਵੰਤ, ਪ੍ਰੋਫ਼ੈਸਰ ਜਗਦੀਸ਼, ਹਰਪਾਲ, ਹੋਰ ਵੀ ਬਹੁਤ ਹਨ, ਸਮੇਂ ਦੇ ਉਸ ਦੌਰ ਨੂੰ ਭੋਗਦੇ ਹਨ ਜਦੋਂ ਕਾਲੇ ਕੱਛਿਆਂ ਵਾਲਿਆਂ ਦਾ ਸਹਿਮ ਸੀ, ਜਦੋਂ ਲੜਕੀਆਂ ਦੀਆਂ ਗੁੱਤਾਂ ਕੱਟੀਆਂ ਜਾਂਦੀਆਂ ਸਨ, ਜਦੋਂ ਬੱਚੇ ਚੁੱਕਣ ਵਾਲਿਆਂ ਦਾ ਪਿੰਡਾਂ ਅਤੇ ਸ਼ਹਿਰਾਂ ਵਿਚ ਸਹਿਮ ਸੀ। ਕਥਾ ਵਿਚ ਪਾਤਰ ਹੋਰ ਵੀ ਹਨ, ਪਿਆਰਾ ਹਲਵਾਈ, ਉਸ ਦੇ ਪੁੱਤਰ ਨਿੱਕਾ ਤੇ ਮੱਦੀ। ਸਕੂਲ, ਕਾਲਜ, ਯੂਨੀਵਰਸਿਟੀ, ਪ੍ਰਿੰਸੀਪਲ, ਲੜਕੀਆਂ ਦਾ ਹੋਸਟਲ, ਲਾਇਬਰੇਰੀ ਵਿਚ ਦੇਰ ਤੱਕ ਬੈਠਣ ਲਈ ਧਰਨੇ ਸੰਘਰਸ਼, ਹੋਸਟਲ ਵਿਚ ਆਪਣੀ ਮਰਜ਼ੀ ਨਾਲ ਆਉਣ-ਜਾਣ ਦੀ ਖੁੱਲ੍ਹ, ਕਾਲਜ ਵਿਚ ਮੁੰਡਿਆਂ ਦੇ ਗਰੁੱਪਾਂ ਵਿਚ ਲੜਾਈਆਂ; ਜਿਵੇਂ ਮੋਬਾਈਲ ਦੀ ਫੇਸਬੁੱਕ ’ਤੇ ਪੋਟੇ ਦੀ ਛੁਹ ਨਾਲ ਪੋਸਟਾਂ ਬਦਲਦੀਆਂ ਹਨ ਇਵੇਂ ਕਥਾ ਵਿਚ ਘਟਨਾਵਾਂ-ਦਰ-ਘਟਨਾਵਾਂ ਪਾਠਕ ਦੇ ਮਨ ਵਿਚ ਇਕ ਬਿੰਬ ਉਸਾਰਦੀਆਂ ਹਨ- ‘‘ਇਹ ਇੱਕੀਵੀਂ ਸਦੀ ਦਾ ਨਾਵਲ ਹੈ।’’
ਕਥਾ ਵਿਚ ਉਸ ਸਮੇਂ ਨੂੰ ਫੜਿਆ ਹੈ ਜਦੋਂ ਗੁੱਟਾਂ ਉਪਰ ਘੜੀਆਂ ਨਹੀਂ ਸੀ ਹੁੰਦੀਆਂ, ਜਦੋਂ ਪਹਿਲੀ ਵਾਰ ਪਿੰਡ ’ਚ ਬਾਹਰੋਂ ਆਇਆ ਬੰਦਾ ਟੇਪ-ਰਿਕਾਰਡਰ ਲੈ ਕੇ ਆਇਆ, ਜਦੋਂ ਟੀ.ਵੀ. ਨੂੰ ‘ਮੂਰਤਾਂ ਵਾਲਾ ਬਕਸਾ’ ਕਿਹਾ ਜਾਂਦਾ ਸੀ, ਜਦੋਂ ਵੀ.ਸੀ.ਆਰ. ’ਤੇ ਫਿਲਮਾਂ ਦੇਖਣ ਲਈ ਟਿਕਟ ਲਗਦਾ ਸੀ, ਜਦੋਂ ਚੋਰੀ ਛੁਪੇ ਰਾਤ ਦੇ ਹਨੇਰੇ ਵਿਚ ਬਲੂ-ਫਿਲਮਾਂ ਵੇਖੀਆਂ ਜਾਂਦੀਆਂ ਸਨ, ਜਦੋਂ ਮੁੰਡੇ ਕੁੜੀਆਂ ਨੂੰ ਖ਼ਤ ਫੜਾਉਣ ਲਈ ਦੋ-ਦੋ ਦਿਨ ਮੌਕਾ ਭਾਲਦੇ ਰਹਿੰਦੇ ਸਨ।
ਹਾਂ ਸੱਚ, ਕਥਾ ਵਿਚ ‘ਕੱਚੀਆਂ ਨੌਕਰੀਆਂ’ ਨੂੰ ਪੱਕਿਆਂ ਕਰਨ, ਟੈਂਕੀਆਂ ’ਤੇ ਚੜ੍ਹਨਾ, ਆਪਣੇ ਉਪਰ ਤੇਲ ਛਿੜਕ ਕੇ ਅੱਗ ਲਾਉਣ ਦੇ ਡਰਾਵੇ ਦੇਣਾ ਤੇ ਕਈ ਵਾਰ ਡਰਾਵਾ ਹਕੀਕਤ ਵਿਚ ਬਦਲ ਜਾਣਾ ਵੀ ਸ਼ਾਮਲ ਹੈ। … ਇਨ੍ਹਾਂ ਸਭ ਦੇ ਨਾਲ-ਨਾਲ ਕਥਾ ਨੂੰ ਸਮੇਂ ਦਾ ਹਾਣੀ ਵੀ ਬਣਾਇਆ ਗਿਆ ਜਿੱਥੇ ‘ਬਰੈੱਡ ਕਰੰਮਜ਼ ਲਾ ਕੇ ਤੰਦੂਰ ਵਿਚ ਭੁੰਨੀਆਂ ਮੁਰਗੇ ਦੀਆਂ ਟੰਗਾਂ, ਸੁਨਹਿਰੀ ਮਸਾਲੇ ਵਾਲੇ ਚੀਜ਼ ਟਿੱਕੇ, ਬਾਰਬੀਕਿਊ ਕੀਤੇ ਚਿਕਨ ਵਿੰਗਜ਼’ ਵੀ ਆਪਣਾ ਰੋਲ ਅਦਾ ਕਰਦੇ ਹਨ।
ਆਰੰਭ ਵਿਚ ਕਥਾ ਦੇ ਪਾਤਰ ਨੂੰ ਤਾਪ ਚੜ੍ਹਿਆ ਹੋਇਆ ਹੈ। ਤਾਪ ਚੜ੍ਹਿਆ ਕਿਉਂ ਹੈ, ਇਹ ਘੁੰਡੀ ਅਖੀਰ ਨੂੰ ਜਾ ਕੇ ਖੁੱਲ੍ਹਦੀ ਹੈ। ਤਾਪ ਚੜ੍ਹਨ ਤੋਂ ਦੋ ਦਿਨ ਪਹਿਲਾਂ ਪਾਤਰ ਇਕ ਨਵਾਂ ਪ੍ਰਯੋਗ ਵੀ ਕਰਦਾ ਹੈ। ਵੈਸੇ ਤਾਂ ਕਥਾ ਦੀਆਂ ਜੜ੍ਹਾਂ ‘ਚੀਕਣੀ ਮਿੱਟੀ’ ਵਿਚ ਲੱਗੀਆਂ ਸਨ ਪਰ ਹੁਣ ‘‘ਇਸ ਧਰਤੀ ਦੀ ਮਿੱਟੀ ਕੁਝ ਇਤਿਹਾਸਕ ਕਾਰਨਾਂ ਕਰਕੇ ਮੈਲੀ ਹੋਈ ਹੈ, ਇਸ ਲਈ ਇਤਿਹਾਸ ਵਿਚੋਂ ਹੀ ਇਸ ਨੂੰ ਮੁੜ ਉਜਲੀ ਬਣਾਉਣ ਦੇ ਰਾਹ ਲੱਭੇ ਜਾ ਸਕਦੇ ਹਨ।’’
ਜਿਵੇਂ ਅੱਜ ਦਾ ਨੌਜਵਾਨ ਪ੍ਰੇਸ਼ਾਨ ਹੈ, ਕਥਾ ਦੇ ਪਾਤਰ ਵੀ ਅੱਜ ਦੇ ਮਨੁੱਖ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦੇ ਹਨ। ਨਾਵਲ ਪੜ੍ਹਦਿਆਂ ਪਾਠਕ ਨੂੰ ਵਾਰ-ਵਾਰ ਚੇਤੇ ਰੱਖਣਾ ਪਵੇਗਾ, ‘ਇਹ ਇੱਕੀਵੀਂ ਸਦੀ ਦਾ ਨਾਵਲ ਹੈ।’ ਕਮਾਲ ਦੀ ਗੱਲ ਇਹ ਹੈ ਕਿ ਲੇਖਕ ਨੇ ਬੜੇ ਸਲੀਕੇ ਨਾਲ ‘ਤੂੜੀ ਦੀ ਪੰਡ’ ਨੂੰ ਸਾਂਭਿਆ ਹੈ, ਖਿਲਰਨ ਨਹੀਂ ਦਿੱਤਾ। ਇਹ ਸੁਣਨ ਨੂੰ ਮਿਲਦਾ ਹੈ, ਪਹਿਲੇ ਲੇਖਕਾਂ ਨੇ ਜਿੱਥੇ ਗੱਲ ਛੱਡੀ ਹੈ, ਨਵੇਂ ਲੇਖਕ ਉਸ ਤੋਂ ਅੱਗੇ ਦੀ ਗੱਲ ਕਰ ਰਹੇ ਹਨ। ਮੇਰੀ ਦੁਆ ਹੈ, ਇਹ ਭਰਮ ਬਣਿਆ ਰਹੇ।
ਸੰਪਰਕ: 98147-83069