ਪੱਤਰ ਪ੍ਰੇਰਕ
ਭਵਾਨੀਗੜ੍ਹ, 25 ਫਰਵਰੀ
ਪੈਪਸੀਕੋ ਇਡੀਆ ਹੋਲਡਿੰਗ ਵਰਕਰਜ਼ ਯੂਨੀਅਨ ਚੰਨੋਂ ਦੇ ਪ੍ਰਧਾਨ ਸੁਖਚੈਨ ਸਿੰਘ ਤੇ ਜਨਰਲ ਸੈਕਟਰੀ ਕ੍ਰਿਸ਼ਨ ਸਿੰਘ ਭੜੋ ਦੀ ਪ੍ਰਧਾਨਗੀ ਹੇਠ ਕੰਪਨੀ ਦੇ ਗੇਟ ’ਤੇ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਮੰਗ ਪੱਤਰ ਸਬੰਧੀ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਇਲਾਕੇ ਦੀਆਂ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਸੁਖਚੈਨ ਸਿੰਘ ਤੇ ਜਨਰਲ ਸੈਕਟਰੀ ਕ੍ਰਿਸ਼ਨ ਸਿੰਘ ਭੜੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਤਿੰਨ ਸਾਲਾਂ ਬਾਅਦ ਯੂਨੀਅਨ ਮੈਨੇਜਮੈਂਟ ਨੂੰ ਲੇਬਰ ਦੀਆਂ ਸ਼ਰਤਾਂ ਮੁਤਾਬਿਕ ਮੰਗ ਪੱਤਰ ਦਿੰਦੀ ਆ ਰਹੀ ਹੈ, ਪਰ ਕੰਪਨੀ ਦੀ ਪ੍ਰੋਡਕਸ਼ਨ ਤੇ ਆਮਦਨ ਵਿੱਚ ਵਾਧੇ ਅਨੁਸਾਰ ਵਰਕਰਾਂ ਦੀਆਂ ਸਹੂਲਤਾਂ ਵਿੱਚ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਉਜਰਤਾ, ਮਹਿੰਗਾਈ ਤੇ ਪੜ੍ਹਾਈ ਸਣੇ ਹੋਰ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਮੰਗ ਪੱਤਰ ਦਿੱਤਾ ਗਿਆ। ਮੀਟਿੰਗ ਵਿੱਚ ਪਹੁੰਚੇ ਜ਼ਿਲ੍ਹਾ ਏਟਕ ਦੇ ਜਨਰਲ ਸਕੱਤਰ ਭਰਪੂਰ ਸਿੰਘ, ਨਰੇਗਾ ਪੰਜਾਬ ਆਗੂ ਕਸ਼ਮੀਰ ਸਿੰਘ ਗੁਦਾਈਆ, ਬੀਕੇਯੂ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪੇਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਪੈਪਸੀਕੋ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।