ਿਨੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 29 ਜਨਵਰੀ
ਇੱਥੇ ਨਗਲਾ ਰੋਡ ਦੀ ਖਸਤਾ ਹਾਲਤ ਖ਼ਿਲਾਫ਼ ਅੱਜ ਸਥਾਨਕ ਲੋਕ ਸੜਕਾਂ ’ਤੇ ਉੱਤਰ ਆਏ। ਇਸ ਦੌਰਾਨ ਮੁਜ਼ਹਰਾਕਾਰੀਆਂ ਨੇ ‘ਨੋ ਰੋਡ ਨੋ ਵੋਟ’ ਦੇ ਬੈਨਰ ਲੈ ਕੇ ਸਿਆਸੀ ਆਗੂਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਮੁਜ਼ਹਰਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਚੋਣਾਂ ਤੋਂ ਪਹਿਲਾਂ ਸੜਕ ਨਾ ਬਣੀ ਤਾਂ ਉਹ ਨੋਟਾ ਦਾ ਬਟਨ ਦੱਬ ਕੇ ਸਾਰੇ ਉਮੀਦਵਾਰਾਂ ਨੂੰ ਨਕਾਰਨਗੇ।
ਨਗਲਾ ਰੋਡ ਵੈੱਲਫੇਅਰ ਐਸਸੀਏਸ਼ਨ ਦੇ ਬੈਨਰ ਹੇਠ ਅੱਜ ਸ਼ਾਮ ਵੱਡੀ ਗਿਣਤੀ ਸਥਾਨਕ ਸੁਸਾਇਟੀਟਾਂ ਦੇ ਵਸਨੀਕਾਂ ਵੱਲੋਂ ਸਿਆਸੀ ਉਮੀਦਵਾਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਜ਼ਹਰਾਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ ਰੁਪਏ ਖ਼ਰਚ ਕੇ ਉਨ੍ਹਾਂ ਨੇ ਇਸ ਸੜਕ ’ਤੇ ਸਥਿਤ ਸੁਸਾਇਟੀਆਂ ਵਿੱਚ ਫਲੈਟ ਅਤੇ ਕਲੋਨੀਆਂ ਵਿੱਚ ਪਲਾਟ ਖ਼ਰੀਦ ਕਰ ਘਰ ਉਸਾਰੇ ਹਨ ਪਰ ਸੜਕ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਕੌਂਸਲ ਨੂੰ ਕਰੋੜਾਂ ਰੁਪਏ ਦੀ ਹਰ ਸਾਲ ਆਮਦਨ ਹੁੰਦੀ ਹੈ ਪਰ ਹਾਲੇ ਤੱਕ ਸ਼ਹਿਰ ਵਾਸੀ ਸੜਕਾਂ, ਸੀਵਰੇਜ ਅਤੇ ਪਾਣੀ ਵਰਗੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਪਾਰਟੀ ਦੇ ਉਮੀਦਵਾਰ ਵੱਲੋਂ ਜ਼ੀਰਕਪੁਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਹਾਲਤ ਬਦ ਤੋਂ ਵੀ ਬਦਤਰ ਹੋਈ ਹੈ।
ਲੋਕਾਂ ਨੇ ਹੱਥ ਵਿੱਚ ਸੜਕ ਬਣਨ ਤੱਕ ਸਿਆਸੀ ਆਗੂਆਂ ਦਾ ਬਾਈਕਾਟ ਕਰਨ ਅਤੇ ਵੋਟਿੰਗ ਵਾਲੇ ਦਿਨ ਨੋਟਾ ਦਾ ਬਟਨ ਦੱਬ ਕੇ ਸਿਆਸੀ ਉਮੀਦਵਾਰਾਂ ਨੂੰ ਨਕਾਰਨ ਦੀ ਚਿਤਾਵਨੀ ਦਿੱਤੀ ਹੈ।
ਛੇਤੀ ਸੜਕ ਦੀ ਹਾਲਤ ਸੁਧਾਰੀ ਜਾਵੇਗੀ: ਵਰਮਾ
ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗਿਰੀਸ਼ ਵਰਮਾ ਨੇ ਕਿਹਾ ਕਿ ਮੀਂਹ ਰੁਕਣ ਮਗਰੋਂ ਹੁਣ ਸਾਰੇ ਸ਼ਹਿਰ ਵਿੱਚ ਲੋੜ ਮੁਤਾਬਕ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਛੇਤੀ ਇਸ ਸੜਕ ਦੀ ਹਾਲਤ ਸੁਧਾਰੀ ਜਾਵੇਗੀ।