ਗੁਰਜੀਤ ਭੁੱਲਰ
ਰਾਮਪੁਰਾ ਫੂਲ, 5 ਅਕਤੂਬਰ
ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਚੱਲ ਰਹੇ ਅਣਮਿਥੇ ਮੋਰਚੇ ਦੇ ਪੰਜਵੇਂ ਦਿਨ ਵੀ ਧਰਨਕਾਰੀਆਂ ਵਲੋਂ ਰੇਲਾਂ, ਈਜੀ ਡੇ, ਰਿਲਾਇੰਸ ਪੰਪ, ਸ਼ਾਪਿੰਗ ਮਾਲ ਅਤੇ ਟੌਲ ਬੈਰੀਅਰਾਂ ਦਾ ਘਿਰਾਓ ਲਗਾਤਾਰ ਜਾਰੀ ਹੈ। ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਦੀ ਨਾਭਾ ਮੰਡੀ ’ਚ ਰੋਸ ਮੁਜ਼ਾਹਰਾ ਕੀਤਾ ਤੇ ਸ਼ਹਿਰ ਵਾਸੀਆਂ ਨੂੰ ਕਿਸਾਨ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਂਕ ’ਚ ਮੋਦੀ ਦਾ ਪੁਤਲਾ ਫੂਕਿਆ ਗਿਆ। ਜਿੱਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਬੈਨਰ ਲਾ ਕੇ ਢਕਿਆ ਹੋਇਆ ਸੀ, ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਇਹ ਹਟਾਏ ਜਾਣ। ਕਿਸਾਨਾਂ ਵੱਲੋਂ ਚੌਂਕ ’ਚ ਧਰਨਾ ਦੇਣ ਮਗਰੋਂ ਸਾਰੀਆਂ ਪਾਰਟੀਆਂ ਦੇ ਬੈਨਰ ਉਤਾਰ ਦਿੱਤੇ ਗਏ। ਅੱਜ ਦੇ ਇਸ ਮੋਰਚੇ ਨੂੰ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਧਨੇਰ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਬੀਕੇਯੂ ਏਕਤਾ ਸਿੱਧੂਪੁਰ ਦੇ ਰਜਿੰਦਰ ਸਿੰਘ ਭਾਈਰੂਪਾ ਤੇ ਸਾਧਾ ਸਿੰਘ ਖੋਖਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੋਲਾ ਸਿੰਘ ਬੁੱਗਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ, ਕੁੱਲ ਹਿੰਦ ਕਿਸਾਨ ਸਭਾ ਦੇ ਪੂਰਨ ਸਿੰਘ ਗੁੰਮਟੀ ਨੇ ਸੰਬੋਧਨ ਕੀਤਾ।
ਗੋਨਿਆਣਾ ਮੰਡੀ (ਮਨੋਜ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ-ਅ੍ਰੰਮਿਤਸਰ ਕੌਮੀ ਸ਼ਾਹ ’ਤੇ ਬਣੇ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਕਿਸਾਨ ਜਗਸੀਰ ਸਿੰਘ ਝੁੰਬਾਂ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ, ਬਸੰਤ ਸਿੰਘ ਕੋਠਾ ਗੁਰੂ ਔਰਤ ਆਗੂ ਮਨਜੀਤ ਕੌਰ ਨੇ ਸੰਬੋਧਨ ਕੀਤਾ ਅਤੇ ਮੋਗਾ ਜ਼ਿਲ੍ਹੇ ਦੀ ਰੀਗਲ ਸਿਨੇਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।