ਡਾ. ਕ੍ਰਿਸ਼ਨ ਕੁਮਾਰ ਰੱਤੂ
ਡਾਕਟਰ ਐੱਸਐੱਨ ਸੁਬਾਰਾਓ (7 ਫਰਵਰੀ 1929-27 ਅਕਤੂਬਰ 2021) ਆਜ਼ਾਦੀ ਸੰਗਰਾਮ ਦੇ ਅਜਿਹੇ ਘੁਲਾਟੀਆਂ ਵਿਚੋਂ ਸਨ ਜਿਨ੍ਹਾਂ ਨੇ ਅਹਿੰਸਾ ਦੇ ਰਸਤੇ ਚੱਲਦਿਆਂ ਗਾਂਧੀਵਾਦ ਦੇ ਦਰਸ਼ਨ ਨੂੰ ਆਪਣੀ ਜਿ਼ੰਦਗੀ ਵਿਚ ਅਜ਼ਮਾਇਆ ਅਤੇ ਉਸ ਤੇ ਸਾਰੀ ਉਮਰ ਪਹਿਰਾ ਦਿੱਤਾ। ਉਨ੍ਹਾਂ 92 ਸਾਲ ਦੀ ਉਮਰ ਵਿਚ ਜੈਪੁਰ ਵਿਚ ਆਖਿ਼ਰੀ ਸਾਹ ਲਿਆ।
ਉਹ 13 ਸਾਲ ਦੀ ਉਮਰ ਵਿਚ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਛੋਟੀ ਉਮਰ ਦੇ ਗਾਂਧੀਵਾਦੀ ਸਨ। ਉਨ੍ਹਾਂ ਦਾ ਜਨਮ ਬੰਗਲੌਰ ਵਿਚ ਹੋਇਆ। ਉਨ੍ਹਾਂ ਸਾਰੀ ਉਮਰ ਮਾਨਵਤਾ ਦੀ ਭਲਾਈ ਲਈ ਪ੍ਰਚਾਰ ਪ੍ਰਸਾਰ ਕੀਤਾ। ਉਹ ਅਜਿਹੇ ਸ਼ਖ਼ਸ ਸਨ ਜਿਨ੍ਹਾਂ ਚੰਬਲ ਖੇਤਰ ਵਿਚ ਜਾ ਕੇ ਡਾਕੂਆਂ ਨਾਲ ਖ਼ੁਦ ਸੰਪਰਕ ਕੀਤਾ 654 ਤੋਂ ਜਿ਼ਆਦਾ ਡਾਕੂਆਂ ਨੂੰ ਪ੍ਰੇਰ ਕੇ ਆਮ ਜਿ਼ੰਦਗੀ ਵਿਚ ਲਿਆਂਦਾ। ਉਨ੍ਹਾਂ ਨੂੰ ਇਸ ਕੰਮ ਵਿਚ ਮੱਧ ਪ੍ਰਦੇਸ਼ ਦੀ ਤਤਕਾਲੀ ਸਰਕਾਰ ਅਤੇ ਜੈ ਪ੍ਰਕਾਸ਼ ਨਾਰਾਇਣ ਵਰਗੇ ਲੋਕਾਂ ਦਾ ਸਹਿਯੋਗ ਪ੍ਰਾਪਤ ਸੀ। ਇਹ ਸਮੂਹਕ ਆਤਮ ਸਮਰਪਣ ਅਸਲ ਵਿਚ ਹਿੰਸਾ ਛੱਡ ਕੇ ਆਹਿੰਸਾ ਦਾ ਰਸਤਾ ਅਪਣਾਉਣਾ ਅਸਲ ਵਿਚ ਗਾਂਧੀਵਾਦੀ ਸਾਦਗੀ ਤੇ ਸਚਾਈ ਦਾ ਅਸਲੀ ਚਿਹਰਾ ਸੀ।
ਸੁਬਾਰਾਓ ਕੁਲਵਕਤੀ ਗਾਂਧੀਵਾਦੀ ਸਨ ਜਿਨ੍ਹਾਂ ਨੇ ਮੁਲਕ ਦੇ ਹਰ ਪ੍ਰਾਂਤ ਵਿਚ ਜਾ ਕੇ ਅਮਨ ਸ਼ਾਂਤੀ ਅਤੇ ਅਹਿੰਸਾ ਦਾ ਸੁਨੇਹਾ ਦਿੱਤਾ। ਉਹ 14 ਅਪਰੈਲ 1973 ਤੋਂ ਸ਼ੁਰੂ ਕੇ ਨੌਜਵਾਨਾਂ ਨੂੰ ਕੈਂਪਾਂ ਰਾਹੀਂ ਸ਼ਾਂਤੀ ਅਤੇ ਸਮਾਜ ਦੀ ਮੁੱਖ ਧਾਰਾ ਵਿਚ ਆਉਣ ਲਈ ਪ੍ਰੇਰਦੇ ਰਹੇ। ਉਨ੍ਹਾਂ ਮੁਲਕ ਵਿਚ ਗਾਂਧੀ ਆਸ਼ਰਮ ਬਣਾਏ ਅਤੇ ਲੋਕਾਂ ਨੂੰ ਗਾਂਧੀਵਾਦੀ ਫਿਲਾਸਫੀ ਦੇ ਅਮਲ ਨਾਲ ਨਵੇਂ ਭਾਰਤ ਦੇ ਨਿਰਮਾਣ ਲਈ ਉਤਸ਼ਾਹਤ ਕੀਤਾ। ਉਹ ਹਮੇਸ਼ਾ ਕਹਿੰਦੇ ਸਨ ਕਿ ਅਸੀਂ ਉਹ ਭਾਰਤ ਚਾਹੁੰਦੇ ਹਾਂ ਜਿਸ ਵਿਚ ਸਭ ਨੂੰ ਆਪਣੀ ਗੱਲ ਰੱਖਣ ਦੀ ਸੁਤੰਤਰਤਾ ਹੋਵੇ। ਪਿਛਲੇ ਦਿਨਾਂ ਦੌਰਾਨ ਜਿਸ ਤਰ੍ਹਾਂ ਦੇ ਹਾਲਾਤ ਮੁਲਕ ਵਿਚ ਪੈਦਾ ਹੋ ਗਏ ਹਨ, ਉਸ ਤੋਂ ਉਹ ਬੇਹੱਦ ਦੁਖੀ ਸਨ।
ਪਿਛਲੇ ਹਫਤੇ ਹੀ ਉਨ੍ਹਾਂ ਨਾਲ ਜੈਪੁਰ ਵਿਚ ਮੁਲਾਕਾਤ ਹੋਈ ਜਿਸ ਦੌਰਾਨ ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਦੀ ਆਜ਼ਾਦੀ ਅਤੇ ਸੰਵਿਧਾਨ ਨਾਲ ਪਿਛਲੇ ਸਾਲਾਂ ਵਿਚ ਸਮਾਜ ਵਿਚ ਘਿਰਣਾ ਪੈਦਾ ਕੀਤੀ ਗਈ ਹੈ, ਇਹ ਭਾਰਤੀ ਸਭਿਅਤਾ ਦਾ ਪ੍ਰਗਟਾਵਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਿਛਲੇ ਪੰਜ ਸਾਲਾਂ ਵਿਚ ਜਿਸ ਤਰ੍ਹਾਂ ਬੁੱਧੀਜੀਵੀਆਂ ਅਤੇ ਹੋਰ ਵਿਕਾਸਸ਼ੀਲ ਗਾਂਧੀਵਾਦੀ ਆਵਾਜ਼ਾਂ ਨੂੰ ਦਬਾਇਆ ਗਿਆ ਹੈ, ਇਹ ਭਾਰਤ ਦੀ ਤਹਿਜ਼ੀਬ ਨਹੀਂ। ਇਹ ਭਾਰਤ ਦੇ ਸੰਵਿਧਾਨ ਦਾ ਉਲਟਾ ਪ੍ਰਗਟਾਵਾ ਹੈ। ਭਾਰਤੀ ਸੰਵਿਧਾਨ ਹਰ ਆਦਮੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੰਦਾ ਹੈ ਪਰ ਮੌਜੂਦਾ ਸਰਕਾਰ ਦਾ ਵਤੀਰਾ ਉਸ ਤਰ੍ਹਾਂ ਦਾ ਨਹੀਂ। ਲਗਦਾ ਹੈ, ਅਸੀਂ ਸਭ ਨੇ ਗਾਂਧੀ ਦਰਸ਼ਨ ਨੂੰ ਆਪੋ-ਆਪਣੀ ਆਪਣੀ ਸਹੂਲਤ ਨਾਲ ਅੰਗੀਕਾਰ ਕੀਤਾ ਹੈ ਜੋ ਭਾਰਤ ਵਰਗੇ ਜਮਹੂਰੀ ਮੁਲਕ ਦੇ ਲੋਕਾਂ ਅਤੇ ਇਸ ਮੁਲਕ ਦੇ ਭਵਿੱਖ ਲਈ ਬਿਲਕੁਲ ਨਹੀਂ ਹੈ।
ਐੱਸਐੱਨ ਸੁਬਾਰਾਓ ਪਿਛਲੇ 70 ਵਰ੍ਹਿਆਂ ਤੋਂ ਮੁਲਕ ਦੇ ਆਮ ਆਦਮੀ ਲਈ ਸਦਾ ਹੀ ਲੜਦੇ ਰਹੇ। ਉਨ੍ਹਾਂ ਨੌਜਵਾਨਾਂ ਲਈ ਹਮੇਸ਼ਾ ਨਵਾਂ ਰਸਤਾ ਦਿਖਾਇਆ ਤੇ ਇਸ ਰਸਤੇ ਤੇ ਚੱਲਦਿਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੇ ਦ੍ਰਿੜ ਵਿਸ਼ਵਾਸ ਦਾ ਹਿੱਸਾ ਸੀ। ਅਸਲ ਵਿਚ ਉਹ ਸਬਰ ਸ਼ਾਂਤੀ ਦੇ ਦੂਤ ਸਨ। ਉਨ੍ਹਾਂ ਦੀ ਇੱਕ ਆਵਾਜ਼ ਤੇ 1972 ਵਿਚ ਗਾਂਧੀ ਸੇਵਾ ਆਸ਼ਰਮ ਜੋਰਾ ਵਿਚ 654 ਡਾਕੂਆਂ ਨੇ ਸਮੂਹਕ ਆਤਮ ਸਮਰਪਣ ਕੀਤਾ ਸੀ ਜਿਸ ਵਿਚ ਮਲਖਾਨ ਸਿੰਘ ਵਰਗੇ ਡਾਕੂ ਸਨ।
ਉਹ ਆਦਿਵਾਸੀਆਂ ਅਤੇ ਗਰੀਬ ਲੋਕਾਂ ਦੇ ਨਾਲ ਨਾਲ ਨੌਜਵਾਨ ਵਰਗ ਬਾਰੇ ਹਮੇਸ਼ਾ ਚਿੰਤਤ ਰਹੇ। ਉਨ੍ਹਾਂ ਪੂਰੇ ਮੁਲਕ ਵਿਚ ਘੁੰਮ ਫਿਰ ਕੇ ਇਸ ਵਰਗ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਕੋਸਿ਼ਸ਼ ਕੀਤੀ। ‘ਭਾਰਤ ਛੱਡੋ ਅੰਦੋਲਨ’ ਨਾਲ ਆਪਣੀ ਸਰਗਰਮੀ ਸ਼ੁਰੂ ਕਰਨ ਵਾਲੇ ਸੁਬਾਰਾਓ ਨੇ ਵਿਦਿਆਰਥੀਆਂ ਅਤੇ ਰਾਸ਼ਟਰੀ ਸੇਵਾ ਦਲ ਵਰਗੇ ਸੰਗਠਨਾਂ ਵਿਚ ਕੰਮ ਕੀਤਾ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਆ। ਇਸ ਤੋਂ ਬਿਨਾ ਉਨ੍ਹਾਂ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਅਤੇ ਅਣੂਵਰਤ ਸ਼ਾਂਤੀ ਪੁਰਸਕਾਰ ਵੀ ਦਿੱਤਾ ਗਿਆ।
ਉਹ ਰਾਜਸਥਾਨ ਦੀ ਯਾਤਰਾ ਤੇ ਬਹੁਤ ਵਾਰ ਆਏ ਅਤੇ ਉਨ੍ਹਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਮੇਰੀਆਂ ਯਾਦਾਂ ਵਿਚ ਸੁਬਾਰਾਓ ਜੀ ਦੀ ਹਾਜ਼ਰ ਜਵਾਬ ਸ਼ਖ਼ਸੀਅਤ ਅਤੇ ਉਨ੍ਹਾਂ ਦਾ ਨੌਜਵਾਨਾਂ ਵਾਂਗ ਫੁਰਤੀਲਾ ਵਿਹਾਰ ਵੱਸੇ ਹੋਏ ਹਨ। ਉਹ ਪਿਛਲੇ ਦਿਨੀਂ ਪਾਦਰੀ ਸਟੈਨ ਸਵਾਮੀ ਦੀ ਮੌਤ ਅਤੇ ਉਸ ਨਾਲ ਜੁੜੀਆਂ ਘਟਨਾਵਾਂ ਤੋਂ ਬੇਹੱਦ ਦੁਖੀ ਸਨ ਅਤੇ ਲਗਾਤਾਰ ਦੁਹਰਾਉਂਦੇ ਸਨ ਕਿ ਇਹ ਗਾਂਧੀ ਦੇ ਲੋਕਤੰਤਰ ਦੀ ਪਛਾਣ ਨਹੀਂ। ਉਹ ਵਰਤਮਾਨ ਸਮਿਆਂ ਦੀ ਸਰਕਾਰ ਤੋਂ ਦੁਖੀ ਸਨ ਅਤੇ ਸਮੇਂ ਸਮੇਂ ਆਪਣੀ ਆਵਾਜ਼ ਗਾਂਧੀਵਾਦੀ ਢੰਗ ਨਾਲ ਬੁਲੰਦ ਕਰਦੇ ਰਹੇ ਸਨ। ਹੁਣ ਇਹ ਆਵਾਜ਼ ਮੌਨ ਹੋ ਗਈ ਹੈ।
ਸੰਪਰਕ: 94787-30156