ਚਰਨਜੀਤ ਭੁੱਲਰ
ਚੰਡੀਗੜ੍ਹ, 14 ਅਗਸਤ
ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਨੇ ਹੁਣ ਤੱਕ ਕਰੀਬ ਤਿੰਨ ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਹੈ, ਜਦੋਂ ਕਿ ਸੂਬੇ ਵਿੱਚ ਬਿਮਾਰ ਪਸ਼ੂਆਂ ਦੀ ਗਿਣਤੀ 70 ਹਜ਼ਾਰ ਤੋਂ ਟੱਪ ਗਈ ਹੈ। ਪਸ਼ੂ ਪਾਲਕਾਂ ਵਿੱਚ ਰੋਹ ਭਖ਼ਣ ਲੱਗਿਆ ਹੈ ਅਤੇ ਅੱਜ ਬਠਿੰਡਾ ਦੇ ਪਿੰਡ ਬਦਿਆਲਾ ਵਿੱਚ ਦੇਰ ਸ਼ਾਮ ਤੱਕ ਪਸ਼ੂ ਪਾਲਣ ਮਹਿਕਮੇ ਦੀ ਟੀਮ ਦਾ ਘਿਰਾਓ ਕਰਨ ਦੀ ਵੀ ਖ਼ਬਰ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਫਤਾਹਪੁਰ ਡੇਅਰੀ ਕੰਪਲੈਕਸ ਵਿੱਚ ਹੁਣ ਤੱਕ ਦੋ ਦਰਜਨ ਗਊਆਂ ਮਰਨ ਦੀ ਸੂਚਨਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ ਔਸਤਨ ਚਾਰ ਹਜ਼ਾਰ ਪਸ਼ੂ ਬਿਮਾਰ ਹੋ ਰਹੇ ਹਨ। ਲੰਘੇ 24 ਘੰਟਿਆਂ ਵਿੱਚ 4300 ਨਵੇਂ ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹਨ। ਸਰਕਾਰੀ ਅੰਕੜੇ ਤੋਂ ਬਾਹਰ ਦੇਖੀਏ ਤਾਂ ਬਿਮਾਰ ਪਸ਼ੂਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਦੇ ਪਸ਼ੂ ਪਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਚਾਉਕੇ ਪਿੰਡ ਦਾ ਇੱਕ ਪ੍ਰਾਈਵੇਟ ਡਾਕਟਰ ਪਸ਼ੂ ਪਾਲਕਾਂ ਨਾਲ ਇਲਾਜ ਦੇ ਨਾਮ ’ਤੇ ਠੱਗੀ ਮਾਰ ਰਿਹਾ ਹੈ। ਉਨ੍ਹਾਂ ਤੋਂ ਇਹ ਪ੍ਰਾਈਵੇਟ ਡਾਕਟਰ ਗਊ ਦੇ ਇਲਾਜ ਵਾਸਤੇ ਕਰੀਬ 10 ਹਜ਼ਾਰ ਰੁਪਏ ਦੀ ਰਾਸ਼ੀ ਲੈ ਚੁੱਕਿਆ ਹੈ ਅਤੇ ਗਊ ਬਚ ਵੀ ਨਹੀਂ ਸਕੀ ਹੈ। ਪਿੰਡਾਂ ਵਿੱਚ ਮਰੇ ਪਸ਼ੂਆਂ ਦੀ ਬਦਬੂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਇਸ ਬਿਮਾਰੀ ਕਰਕੇ ਦੁੱਧ ਦੀ ਪੈਦਾਵਾਰ ਵਿੱਚ ਵੀ ਕਮੀ ਆਈ ਹੈ।
ਇਸੇ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਹੁਣ ਤੱਕ 1.84 ਲੱਖ ਤੋਂ ਵੱੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਗੋਟ ਪੌਕਸ ਵੈਕਸੀਨ ਦੀ 83,000 ਡੋਜ਼ ਦੀ ਤੀਜੀ ਖੇਪ ਵਿਭਾਗ ਕੋਲ ਪਹੁੰਚ ਚੁੱਕੀ ਹੈ, ਜੋ ਅੱਗੇ ਜ਼ਿਲ੍ਹਿਆਂ ਵਿੱਚ ਵੰਡ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ। ਵਿਭਾਗ ਦੇ ਅਮਲੇ ਵੱਲੋਂ ਛੁੱਟੀ ਵਾਲੇ ਦਿਨਾਂ ਦੌਰਾਨ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਤੋਂ 5 ਵੈਟਰਨਰੀ ਅਫ਼ਸਰਾਂ ਨੂੰ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਪਸ਼ੂ ਪਾਲਣ ਵਿਭਾਗ ਨੂੰ ਤਬਦੀਲ ਕੀਤੀ ਜਾ ਰਹੀ ਹੈੈ। ਉਨ੍ਹਾਂ ਦੱਸਿਆ ਕਿ ਬੈਚਲਰ ਆਫ ਵੈਟਰਨਰੀ ਸਾਇੰਸ (ਬੀਵੀਐੱਸਸੀ) ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਮੁਹਿੰਮ ਵਿੱਚ ਲਾਇਆ ਗਿਆ ਹੈ।