ਗਗਨਦੀਪ ਅਰੋੜਾ
ਲੁਧਿਆਣਾ, 5 ਅਕਤੂਬਰ
ਕਸ਼ਮੀਰ ਨਗਰ ਇਲਾਕੇ ’ਚ ਦਿਨ ਦਿਹਾੜੇ ਮਨੀ ਚੇਂਜਰ ਤੇ ਮੋਬਾਈਲ ਦੀ ਦੁਕਾਨ ’ਤੇ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ। ਜਦੋਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ। 33 ਫੁੱਟਾ ਰੋਡ ’ਤੇ ਰਹਿਣ ਵਾਲੇ ਪ੍ਰਮੋਦ ਕੁਮਾਰ ਤੇ ਉਨ੍ਹਾਂ ਦਾ ਲੜਕਾ ਅਜੇ ਕੁਮਾਰ ਕਸ਼ਮੀਰ ਨਗਰ ਦੀ ਗਲੀ ਨੰ. 3 ’ਚ ਮਨੀ ਚੇਂਜਰ ਦੀ ਦੁਕਾਨ ਚਲਾਉਂਦੇ ਹਨ ਤੇ ਨਾਲ ਹੀ ਮੋਬਾਈਲ ਦਾ ਕੰਮ ਵੀ ਕਰਦੇ ਹਨ। ਦੁਪਹਿਰ ਵੇਲੇ ਦੋਵੇਂ ਪਿਓ ਪੁੱਤ ਦੁਕਾਨ ’ਚ ਬੈਠੇ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨ ਦੇ ਬਾਹਰ ਆ ਕੇ ਰੁਕੇ। ਦੋ ਲੁਟੇਰੇ ਅੰਦਰ ਗਏ ਤੇ ਇੱਕ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਸੀ। ਇੱਕ ਲੁਟੇਰੇ ਨੇ ਪ੍ਰਮੋਦ ਦੇ ਕੰਨ ’ਤੇ ਪਿਸਤੌਲ ਤਾਣ ਲਈ ਤੇ ਦੂਸਰੇ ਨੇ ਅਜੇ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ। ਇਸੇ ਦੌਰਾਨ ਗੁਆਂਢੀ ਦੁਕਾਨਦਾਰ ਦੁਕਾਨ ’ਚ ਕਿਸੇ ਕੰਮ ਆਇਆ ਤਾਂ ਦੋਹਾਂ ਨੇ ਲੁਟੇਰਿਆਂ ਦਾ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਹੱਥੋਪਾਈ ਦੌਰਾਨ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਲੁਟੇਰੇ ਮੋਟਸਾਈਕਲ ’ਤੇ ਫ਼ਰਾਰ ਹੋ ਗਏ। ਏਡੀਸੀਪੀ-1 ਦੀਪਕ ਪਾਰਕ, ਏਸੀਪੀ ਗੁਰਬਿੰਦਰ ਸਿੰਘ ਦੇ ਨਾਲ ਨਾਲ ਥਾਣਾ ਡਵੀਜ਼ਨ ਨੰ. 3 ਦੀ ਪੁਲੀਸ ਮੌਕੇ ’ਤੇ ਪੁੱਜੀ। ਏਸੀਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਹਨ। ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।