ਡੇਰਾਬਸੀ: ਇਥੋਂ ਦੇ ਮੁਬਾਰਿਕਪੂਰ ਖੇਤਰ ਵਿੱਚ ਬੱਚਿਆਂ ਨੂੰ ਕਥਿਤ ਜਾਤੀ ਸੂਚਕ ਸ਼ਬਦ ਬੋਲਣ ’ਤੇ ਹੋਈ ਲੜਾਈ ਦੌਰਾਨ ਇੱਕ ਪਰਿਵਾਰ ਵਲੋਂ ਪੱਥਰਾਂ ਨਾਲ ਹਮਲਾ ਕਰਨ ’ਤੇ ਇੱਕ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਕਿਰਨਾ ਰਾਣੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਭਰਾ ਹਰਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਉਸ ਦੇ ਚਾਚੇ ਦਾ ਲੜਕਾ ਨੰਦੂ ਪਰਚੂਨ ਦੀ ਦੁਕਾਨ ਤੋਂ ਦੁੱਧ ਲੈ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਗੀਤਾ ਤੇ ਸੁਨੀਤਾ ਬੈਠੀ ਸੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਜਾਤੀ ਸੂਚਕ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਭਰਾ ਨੰਦੂ ਨੇ ਰੌਲਾ ਪਾਇਆ ਤਾਂ ਮੌਕੇ ’ਤੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਗੀਤਾ ਆਪਣੇ ਘਰ ਚਲੀ ਗਈ ਤੇ ਸੁਨੀਤਾ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਰਲ ਕੇ ਚੁਬਾਰੇ ’ਤੇ ਚੜ੍ਹ ਕੇ ਸਾਡੇ ਪਰਿਵਾਰ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਮਾਤਾ ਦੇ ਸਿਰ ਤੇ ਪਿੱਠ ’ਤੇ ਕਾਫੀ ਪੱਥਰ ਵੱਜੇ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਪੀਜੀਆਈ ਵਿੱਚ ਇਲਾਜ ਦੌਰਾਨ ਉਸ ਦੀ ਮਾਤਾ ਜਸਵਿੰਦਰ ਕੌਰ ਦੀ ਮੌਤ ਹੋ ਗਈ। ਪੁਲੀਸ ਨੇ ਕਥਿਤ ਦੋਸ਼ੀ ਅਜੈ, ਵਿਜੈ, ਸੁਨੀਤਾ, ਨੇਹਾ, ਰਾਜਾ ਰਾਮ, ਰਾਜਾ ਰਾਮ ਦਾ ਜਵਾਈ, ਗੀਤਾ, ਸਰਬਜੀਤ ਉਰਫ਼ ਸੰਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਸ਼ੀ ਗ੍ਰਿਫ਼ਤ ਤੋਂ ਬਾਹਰ ਹਨ ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।