ਖੇਡਾਂ ਬਾਰੇ ਵੱਖਰਾ ਨਜ਼ਰੀਆ
13 ਅਗਸਤ ਦੇ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦਾ ਲੇਖ ‘ਮੌਜੂਦਾ ਵਪਾਰਕ ਨਿਜ਼ਾਮ ਅਤੇ ਖੇਡਾਂ’ ਪੜ੍ਹਿਆ। ਹੁਣੇ ਹੋਈਆਂ ਓਲੰਪਿਕ ਖੇਡਾਂ ਦੇ ਵੱਖੋ ਵੱਖਰੇ ਮੁਕਾਬਲਿਆਂ ਵਿਚ ਜਿੱਤਾਂ ਦੇ ਮਨਾਏ ਜਾ ਰਹੇ ਜਸ਼ਨਮਈ ਮਾਹੌਲ ਦੇ ਦਰਮਿਆਨ ਇਹ ਲੇਖ ਖੇਡਾਂ ਨੂੰ ਵੱਖਰੇ ਲੋਕ-ਪੱਖੀ ਨਜ਼ਰੀਏ ਤੋਂ ਵਿਚਾਰਨ ਲਈ ਪ੍ਰੇਰਦਾ ਹੈ। ਮਨੁੱਖ ਦੇ ਸਮਾਜਿਕ ਵਿਕਾਸ ਦੇ ਨਾਲ ਨਾਲ ਕਿਰਤ ਨਾਲ ਜੁੜੇ ਹੋਏ ਸਰੂਪ ਤੋਂ ਤਬਦੀਲ ਹੋ ਕੇ ਖੇਡਾਂ ਦਾ ਪੇਸ਼ਾਵਰ ਤੇ ਵਪਾਰਕ ਰੂਪ ਧਾਰ ਲੈਣ ਦਾ ਵਰਤਾਰਾ ਵਾਕਈ ਨਕਾਰਾਤਮਕ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਸਥਾਨਕ ਪੱਧਰ ’ਤੇ ਖੇਡਾਂ ਦੇ ਵਿਕਾਸ ਅਤੇ ਕਿਰਤ ਨਾਲ ਜੁੜੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਖੇਡਾਂ ਦੇ ਅਸਲ ਮਕਸਦ ‘ਨਰੋਏ ਸਰੀਰ ਵਿਚ ਹੀ ਨਰੋਆ ਮਨ’ ਨੂੰ ਹਾਸਲ ਕੀਤਾ ਜਾ ਸਕਦਾ ਹੈ ਜਿਹੜਾ ਕਿਸੇ ਲੋਕ-ਪੱਖੀ ਢਾਂਚੇ ਰਾਹੀਂ ਉਸਰੇ ਵਿਕਸਤ ਮਨੁੱਖੀ ਸਮਾਜ ਵਿਚ ਹੀ ਸੰਭਵ ਹੈ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)
ਮੁਲਕ ਵੰਡ ਦਾ ਦਰਦ
19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਉਮਰਾਂ ਲੰਘੀਆਂ ਪੱਬਾਂ ਭਾਰ…’ ਉਨ੍ਹਾਂ ਲੱਖਾਂ ਬੇਕਸੂਰ ਲੋਕਾਂ ਦੀ ਦਾਸਤਾਨ ਹੈ ਜਿਨ੍ਹਾਂ ਦੇ ਜੀਵਨ ਨੂੰ ਫ਼ਿਰਕੂ ਨਾਗ ਨੇ ਐਸਾ ਡੰਗਿਆ ਕਿ ਬਹੁਤ ਸਾਰੇ ਲੋਕ ਮਰ ਮੁੱਕ ਗਏ ਅਤੇ ਬਹੁਤ ਸਾਰੇ ਲੋਕ ਆਪਣਾ ਸਭ ਕੁਝ ਲੁੱਟ ਕੇ ਨਾ ਉਹ ਮਰਿਆਂ ਵਿਚ ਤੇ ਨਾ ਉਹ ਜਿਊਂਦਿਆਂ ਵਿਚ ਰਹੇ। ਉਨ੍ਹਾਂ ਦੇ ਇਹ ਜ਼ਖ਼ਮ ਹਮੇਸ਼ਾ ਰਿਸਦੇ ਰਹੇ। ਕੁਝ ਅਰਸਾ ਪਹਿਲਾਂ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਸਾਡੇ ਜਥੇ ਵਿਚ ਲਹਿੰਦੇ ਪੰਜਾਬ ਵੱਲੋਂ ਉਜੜ ਕੇ ਆਏ ਉਹ ਬਜ਼ੁਰਗ ਵੀ ਸ਼ਾਮਿਲ ਸਨ ਜਿਨ੍ਹਾਂ ਵਿਚ ਆਪਣੀ ਜਨਮਭੂਮੀ ਦੇਖਣ ਦੀ ਇੰਨੀ ਤੀਬਰ ਇੱਛਾ ਸੀ ਕਿ ਉਹ ਉੱਥੇ ਉਡ ਕੇ ਪਹੁੰਚਣਾ ਲੋਚਦੇ ਸਨ। ਉਨ੍ਹਾਂ ਆਪਣੇ ਘਰਾਂ ਤੇ ਸਕੂਲਾਂ ਦੀਆਂ ਕੰਧਾਂ ਨਾਲ ਲਿਪਟ ਕੇ ਆਪਣੀ ਭਾਵੁਕ ਵੇਦਨਾ ਜ਼ਾਹਿਰ ਕੀਤੀ। ਇੱਥੇ ਹੀ ਬੱਸ ਨਹੀਂ, ਚੜ੍ਹਦੇ ਪੰਜਾਬ ਵੱਲੋਂ ਉਜੜੇ ਉੱਥੇ ਵੱਸਿਆਂ ਦੀ ਨਜ਼ਰ ਵੀ ਇਹੀ ਲੱਭ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ ਤੋਂ ਕੋਈ ਆਇਆ ਹੋਵੇ ਤੇ ਉਹ ਆਪਣੀ ਜਨਮਭੂਮੀ ਦੀ ਖੁਸ਼ਬੂ ਨੂੰ ਮਹਿਸੂਸ ਕਰ ਸਕਣ। ਉਨ੍ਹਾਂ ਦੇ ਤਰਲੇ ਹਾੜ੍ਹੇ ਇਹੀ ਸਨ, ਇਕ ਵਾਰ ਸਾਡੀਆਂ ਬਰੂਹਾਂ ਜ਼ਰੂਰ ਲੰਘੋ ਤਾਂ ਕਿ ਤੁਹਾਡੀਆਂ ਪੈੜਾਂ ਦੀ ਮਿੱਟੀ ਸਾਡੇ ਰੈਣ ਬਸੇਰਿਆਂ ਨੂੰ ਪਾਕਿ ਕਰ ਦੇਵੇ। ਇਹ ਵਿਰਲਾਪ ਤੰਗ ਕਰਨ ਵਾਲਾ ਹੈ।… ਇਹ ਲੇਖਾ ਕੌਣ ਦੇਵੇਗਾ?
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਈਮੇਲ
ਅਨਪੜ੍ਹਤਾ
19 ਅਗਸਤ ਨੂੰ ਪੰਨਾ 2 ਉੱਤੇ ਛਪੀ ਖ਼ਬਰ ‘ਟੂਣੇ ਦੀ ਉਲੰਘਣਾ ’ਤੇ ਪਰਿਵਾਰ ਦਾ ਬਾਈਕਾਟ’ ਪੜ੍ਹ ਕੇ ਸੋਚਿਆ ਕਿ ਅਸੀਂ ਪੰਚਾਇਤੀ ਰੂਪ ਵਿਚ ਟੂਣਿਆਂ ਅਤੇ ਵਹਿਮਾਂ ਭਰਮਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ ਪਰ ਇੱਥੇ ਤਾਂ ਪੰਚਾਇਤ ਹੀ ਉਲਟ ਦਿਸ਼ਾ ’ਚ ਚੱਲ ਕੇ ਟੂਣੇ ਆਦਿ ਨੂੰ ਨਾ ਮੰਨਣ ਵਾਲੇ ਪਰਿਵਾਰ ਦਾ ਬਾਈਕਾਟ ਕਰ ਰਹੀ ਹੈ। ਸ਼ਾਇਦ ਇਹ ਸਾਡੀ ਅਨਪੜ੍ਹਤਾ ਕਾਰਨ ਹੋਇਆ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਸਰਕਾਰੀ ਸੰਸਦ ਬਨਾਮ ਕਿਸਾਨ ਸੰਸਦ
18 ਅਗਸਤ ਦੀ ਸੰਪਾਦਕੀ ‘ਸਦਨ ਵਿਚ ਬਹਿਸ ਦਾ ਮਿਆਰ’ ਵਿਚ ਸੰਸਦ ਵਿਚ ਪਾਸ ਹੁੰਦੇ ਕਾਨੂੰਨਾਂ ਦੀ ਵਿਧੀ ਦਾ ਵਿਸ਼ਲੇਸ਼ਣ ਕੀਤਾ ਹੈ। ਕੇਂਦਰ ਸਰਕਾਰ ਨੇ ਜਿਸ ਤਰੀਕੇ ਨਾਲ ਨਵੇਂ ਖੇਤੀ ਕਾਨੂੰਨ ਬਣਾਏ ਅਤੇ ਪਾਸ ਕੀਤੇ ਹਨ, ਉਹ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਇਸ ਦੌਰਾਨ ‘ਸਰਕਾਰੀ ਸੰਸਦ’ ਦੇ ਬਰਾਬਰ ‘ਕਿਸਾਨੀ ਸੰਸਦ’ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਕੇ ਕਿਸਾਨ ਅੰਦੋਲਨ ਨੇ ਸਿੱਧ ਕਰ ਦਿੱਤਾ ਹੈ ਕਿ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਵਿਚ ਨੀਰਸਤਾ ਨਹੀਂ ਆਈ ਹੈ। ਔਰਤਾਂ ਨੇ ਜਿਸ ਤਰ੍ਹਾਂ ਸੰਸਦ ਦਾ ਮਾਹੌਲ ਸਿਰਜ ਕੇ ਆਪਣੀ ਸ਼ਕਤੀ ਦਾ ਨਮੂਨਾ ਪੇਸ਼ ਕੀਤਾ ਹੈ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। 17 ਅਗਸਤ ਦੇ ਨਜ਼ਰੀਆ ਪੰਨੇ ’ਤੇ ਲਖਬੀਰ ਸਿੰਘ ਨਿਜਾਮਪੁਰ ਨੇ ਵੀ ਆਪਣੇ ਲੇਖ ਵਿਚ ਸਹੀ ਲਿਖਿਆ ਹੈ ਕਿ ਇਹ ਅੰਦੋਲਨ ਹੁਣ ਕਿਸੇ ਇਕ ਸੂਬੇ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਪੀਢੀ ਸਾਂਝ
9 ਅਗਸਤ ਦੇ ਮਿਡਲ ‘ਚਿੜੀ ਦੀ ਚੁੰਝ’ ਪੜ੍ਹਦਿਆਂ ਹਜ਼ਾਰਾ ਸਿੰਘ ਚੀਮਾ ਦੇ ਵਿਚਾਰਾਂ ਨਾਲ ਸਾਂਝ ਹੋਰ ਪੀਢੀ ਹੋ ਗਈ। ਪਿਛਲੇ ਦਿਨੀਂ ਚੰਡੀਗੜ੍ਹ ਦੇ 32 ਸੀ ਸੈਕਟਰ ਵਿਚੋਂ ਨਿਕਲਦਿਆਂ ਹੀ ਅਗਲੇ ਚੌਕ ਵਿਚ ਪੰਜ ਸੱਤ ਨੌਜਵਾਨ ਕਿਸਾਨੀ ਸੰਘਰਸ਼ ਦੇ ਝੰਡੇ ਹੱਥਾਂ ’ਚ ਫੜੀਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਮਾਰਦੇ ਦਿਖਾਈ ਦਿੱਤੇ। ਗੱਡੀ ਰੋਕ ਪਤਨੀ ਸਮੇਤ ਆਪਣੇ ਰਿਸ਼ਤੇਦਾਰਾਂ ਨਾਲ ਨਾਅਰੇ ਮਾਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਕਾਨੂੰਨ ਘਾੜਿਆਂ ਦੀ ਪਿੱਠ ਪਿੱਛੇ ਤਕੜੀ ਤਾਕਤ ਵਜੋਂ ਕੰਮ ਕਰ ਰਹੇ ਸਰਮਾਏਦਾਰਾਂ ਨੂੰ ਅੱਜ ਭਾਵੇਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਡੰਕਾ ਵੱਜ ਰਿਹਾ ਹੈ ਪਰ ਖਾਣੀ ਉਨ੍ਹਾਂ ਨੇ ਵੀ ਕਿਸਾਨ, ਮਜ਼ਦੂਰ ਦੁਆਰਾ ਉਗਏ ਅੰਨ ਦੀ ਰੋਟੀ ਹੀ ਹੈ।
ਬਲਵੀਰ ਸਿੰਘ ਬਾਸੀਆਂ, ਪਿੰਡ ਬਾਸੀਆਂ ਬੇਟ (ਲੁਧਿਆਣਾ)
(2)
ਡਾ. ਹਜ਼ਾਰਾ ਸਿੰਘ ਚੀਮਾ ਦਾ ਲੇਖ ‘ਚਿੜੀ ਦੀ ਚੁੰਝ’ ਪੜ੍ਹਿਆ। ਲੇਖਕ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੀ ਲੜਾਈ ਦੇ ਕੁਝ ਤਜਰਬੇ ਸਾਂਝੇ ਕੀਤੇ ਹਨ ਅਤੇ ਇਸ ਲੜਾਈ ਵਿਚ ਯੋਗਦਾਨ ਦਾ ਜ਼ਿਕਰ ਕੀਤਾ ਹੈ। ਲਿਖਤ ਦਾ ਸੁਨੇਹਾ ਬਹੁਤ ਵੱਡਾ ਹੈ।
ਸਰਵਰ ਸਿੰਘ ਢਿੱਲੋਂ, ਪਿੰਡ ਬਰਗਾੜੀ (ਫਰੀਦਕੋਟ)
ਕਾਮਾ ਔਰਤਾਂ ਦੀ ਤਰਾਸਦੀ
2 ਅਗਸਤ ਨੂੰ ਕੰਵਲਜੀਤ ਖੰਨਾ ਦਾ ਲੇਖ ‘ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜੇ’ ਕਾਮਾ ਔਰਤਾਂ ਦੀ ਤਰਾਸਦੀ ਬਿਆਨ ਕਰਦਾ ਹੈ। ਔਰਤਾਂ ਦੀਆਂ ਜਥੇਬੰਦੀਆਂ ਦੀ ਇਨ੍ਹਾਂ ਵੱਲ ਕੋਈ ਰੁਚੀ ਨਹੀਂ ਜਾਪਦੀ, ਨਾ ਹੀ ਅਜਿਹੀਆਂ ਔਰਤਾਂ ਦੀ ਕੋਈ ਜਥੇਬੰਦੀ ਹੈ। ਇਨਸਾਫ਼ਪਸੰਦ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਪੀੜਤ ਤਬਕੇ ਵੱਲ ਧਿਆਨ ਦੇਣ।
ਸਾਗਰ ਸਿੰਘ ਸਾਗਰ, ਬਰਨਾਲਾ
ਅਨੋਖਾ ਸਕੂਨ
ਵਿਜੈ ਕੁਮਾਰ ਦੀ ਜੀਵਨ ਘਟਨਾ (ਜਦੋਂ ਮੇਰੇ ਸ਼ਬਦ ਮੁੱਕ ਗਏ, 30 ਜੁਲਾਈ) ਨੇ ਜ਼ਾਹਿਰ ਕਰ ਦਿੱਤਾ ਕਿ ਮਨੁੱਖਤਾ ਜ਼ਿੰਦਾ ਹੈ। ਭਲਾਈ ਅਤੇ ਮਾਨਵ ਸੇਵਾ ਅਜਿਹੇ ਆਧਾਰ ਹਨ ਜੋ ਧੁਰੇ ਦਾ ਕੰਮ ਕਰਦੇ ਹਨ। ਉਪਕਾਰ ਦਾ ਮੁੱਲ ਲੋੜਵੰਦ ਪਾਉਂਦਾ ਹੈ ਤਾਂ ਜੀਵਨ ’ਚ ਅਨੋਖਾ ਸਕੂਨ ਤੇ ਆਨੰਦ ਮਿਲਦਾ ਹੈ। ਇਹੀ ਨਹੀਂ ਅਜਿਹੇ ਕਾਰਜ ਕਰਨ ਲਈ ਸਭ ਨੂੰ ਉਤਸ਼ਾਹ ਅਤੇ ਹੌਸਲਾ ਵੀ ਮਿਲਦਾ ਹੈ।
ਲਾਲ ਸਿੰਘ ਕਲਸੀ, ਫਰੀਦਕੋਟ
(2)
ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਜਦੋਂ ਮੇਰੇ ਸ਼ਬਦ ਮੁੱਕ ਗਏ’ ਪੜ੍ਹਦਿਆਂ ਮੇਰੇ ਵੀ ਸ਼ਬਦ ਮੁੱਕ ਗਏ। ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਕਿਸੇ ਮੁਕਾਮ ’ਤੇ ਪਹੁੰਚਣ ਵਿਚ ਮਦਦ ਕਰਨਾ, ਇਸ ਤੋਂ ਵੱਡੀ ਸਾਧਨਾ ਕੋਈ ਹੋ ਨਹੀਂ ਸਕਦੀ।
ਸੁਖਵੀਰ ਕੌਰ, ਬਠਿੰਡਾ