ਭਾਜਪਾ ਦੀ ਅਜ਼ਮਾਇਸ਼
24 ਫਰਵਰੀ ਨੂੰ ਸੰਜੀਵ ਪਾਂਡੇ ਦੇ ਲੇਖ ‘ਯੂਪੀ: ਭਾਜਪਾ ਦੇ ਜਾਤੀ ਸਮੀਕਰਨ ਦੀ ਅਜ਼ਮਾਇਸ਼’ ਵਿਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਪੁਣ-ਛਾਣ ਕੀਤੀ ਗਈ ਹੈ। ਕਿਹਾ ਜਾਂਦਾ ਹੈ ਕਿ ਇਸ ਸੂਬੇ ਵਿਚੋਂ ਦੇਸ਼ ਦੀ ਸਰਕਾਰ ਲਈ ਰਸਤਾ ਬਣਦਾ ਹੈ। ਬਿਨਾ ਸ਼ੱਕ, ਇਸ ਸੂਬੇ ਦੀਆਂ ਚੋਣਾਂ ਦੇ ਨਤੀਜੇ ਮੁਲਕ ਦੀ ਸਿਆਸਤ ਉੱਤੇ ਅਸਰਅੰਦਾਜ਼ ਹੋਣਗੇ।
ਮਨਮੋਹਨ ਸਿੰਘ, ਨਾਭਾ
ਵਿਅੰਗ ਬਾਣ
23 ਫਰਵਰੀ ਦੇ ਮਿਡਲ ‘ਜਦ ਸਭ ਮੁਫ਼ਤ ਹੋ ਰਿਹੈ…’ ਵਿਚ ਬਲਦੇਵ ਸਿੰਘ (ਸੜਕਨਾਮਾ) ਨੇ ਸਿਆਸੀ ਦਲਾਂ ਵੱਲੋਂ ਕੁਝ ਮੁਫ਼ਤ ਸਹੂਲਤਾਂ ਦੇਣ ਦੇ ਬਹਾਨਿਆਂ ’ਤੇ ਵਿਅੰਗ ਕੀਤਾ ਹੈ। ਕਲਿਆਣਕਾਰੀ ਰਾਜ ਦਾ ਬੁਢਾਪਾ, ਵਿਧਵਾ, ਬੇਰੁਜ਼ਗਾਰੀ ਪੈਨਸ਼ਨ, ਸਿੱਖਿਆ ਤੇ ਮੈਡੀਕਲ ਮੁਫ਼ਤ ਅਤੇ ਸੀਮਤ ਹੱਦ ਤਕ ਬਿਜਲੀ ਅਤੇ ਪੀਣ ਤੇ ਸਿੰਜਾਈ ਲਈ ਪਾਣੀ ਆਦਿ ਤਾਂ ਮੁਫ਼ਤ ਜਾਇਜ਼ ਹੈ ਲੇਕਿਨ ਮੁਫ਼ਤ ਆਟਾ, ਦਾਲ ਅਤੇ ਪੀਆਰਟੀਸੀ ’ਚ ਸਫ਼ਰ ਤਾਂ ਭੀਖ ਤੋਂ ਘੱਟ ਨਹੀਂ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਬਲਦੇਵ ਸਿੰਘ (ਸੜਕਨਾਮਾ) ਦੀ ਰਚਨਾ ‘ਜਦ ਸਭ ਮੁਫ਼ਤ ਹੋ ਰਿਹੈ…’ ਆਪਣੇ ਆਪ ਵਿਚ ਬੜਾ ਕੁਝ ਕਹਿ ਰਹੀ ਹੈ। ਮਾਪੇ ਆਪਣੇ ਬੱਚਿਆਂ ਤੋਂ ਬੜੀਆਂ ਉਮੀਦਾਂ ਲਾਈ ਬੈਠੇ ਨੇ ਪਰ ਡਿਗਰੀਆਂ ਹਾਸਿਲ ਕਰੀ ਬੈਠੇ ਬੇਰੁਜ਼ਗਾਰ ਨੌਜਵਾਨ ਸ਼ਸ਼ੋਪੰਜ ਵਿਚ ਹਨ। ਰੁਜ਼ਗਾਰ ਲਈ ਧਰਨੇ, ਮੁਜ਼ਾਹਰੇ ਕਰਨ ਦੇ ਬਾਵਜੂਦ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਇਸ ਤੋਂ ਪਹਿਲਾਂ, 22 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਪੁਸ਼ਪਿੰਦਰ ਕੌਰ ਦੀ ਰਚਨਾ ‘ਰਾਹ ਦਸੇਰੀਆਂ ਝਿੜਕਾਂ’ ਦਿਲ ਟੁੰਬਵੀਂ ਅਤੇ ਪ੍ਰੇਰਨਾਦਾਇਕ ਹੈ। ਜ਼ਿੰਦਗੀ ਵਿਚ ਲੱਗੀ ਠੋਕਰ ਵੀ ਬੰਦੇ ਨੂੰ ਬੜਾ ਕੁਝ ਸਿਖਾ ਦਿੰਦੀ ਹੈ। 11 ਫਰਵਰੀ ਨੂੰ ਜਗਦੀਸ਼ ਕੌਰ ਮਾਨ ਦੀ ਰਚਨਾ ‘ਸਾਡਾ ਘਰ ਕਿੱਥੇ ਹੈ’ ਪੜ੍ਹਦਿਆਂ ਮਨ ਸੋਚਾਂ ਦੇ ਡੂੰਘੇ ਵਹਿਣ ਵਿਚ ਵਹਿ ਤੁਰਿਆ, ਵਾਕਿਆ ਹੀ ਜੇ ਸਾਡੇ ਮੁਲਕ ਦੀਆਂ ਸਰਕਾਰਾਂ ਇੱਥੋਂ ਦੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਢੁੱਕਵੇਂ ਰੁਜ਼ਗਾਰ ਮੁਹੱਈਆ ਕਰਵਾ ਦੇਣ ਤਾਂ ਸਾਡੇ ਮੁਲਕ ਦੀ ਪੜ੍ਹੀ-ਲਿਖੀ ਜਵਾਨੀ, ਆਪਣੇ ਦੇਸ਼ ਵਿਚੋਂ ਕਰਜ਼ਈ ਹੋ ਕੇ, ਪਿੱਛੇ ਆਪਣੇ ਬੁੱਢੇ ਮਾਂ-ਪਿਉ, ਭੈਣ-ਭਰਾਵਾਂ ਨੂੰ ਛੱਡ ਕੇ ਬਾਹਰ ਕਿਉਂ ਰੁਲਣ?
ਅਮਰਜੀਤ ਮੱਟੂ, ਭਰੂਰ (ਜ਼ਿਲ੍ਹਾ ਸੰਗਰੂਰ)
(3)
ਮਿਡਲ ‘ਜਦ ਸਭ ਕੁਝ ਮੁਫ਼ਤ ਹੋ ਰਿਹੈ…’ ਫ਼ਿਕਰ ਵਿਚ ਪਾਉਣ ਵਾਲਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦਾ ਕਰੋਨਾ ਦੇ ਬਹਾਨੇ ਸੱਤਿਆਨਾਸ ਕਰ ਦਿੱਤਾ ਗਿਆ ਹੈ। ਦੋ ਸਾਲਾਂ ਵਿਚ ਵਿਦਿਆਰਥੀ ਬਹੁਤ ਪਿੱਛੇ ਚਲੇ ਗਏ ਹਨ। ਅਜੇ ਵੀ ਸਮਾਂ ਹੈ, ਅਸੀਂ ਸਰਕਾਰਾਂ ਦੀਆਂ ਚਾਲਾਂ ਨਾਕਾਮ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਉੱਜਲ ਬਣਾਈਏ। ਬੱਚਿਆਂ ਨੂੰ ਸਕੂਲ ਵਿਚ ਪੜ੍ਹਨ ਦੀ ਤਰਜੀਹ ਦੇਈਏ।
ਅਮਨਦੀਪ ਕੌਰ ਕਾਲਾਬੂਲਾ, ਈਮੇਲ
ਰਾਹ ਦਸੇਰਾ
9 ਫਰਵਰੀ ਦੇ ਅੰਕ ਵਿਚ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਸੋਨੇ ਰੰਗੀ ਛਾਂ’ ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦਿਆਂ ਆਪਣੇ ਦ੍ਰਿੜ ਹੌਸਲੇ, ਜਜ਼ਬੇ, ਸਹਿਣਸ਼ੀਲਤਾ ਅਤੇ ਉਸਾਰੂ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਦਾ ਹੈ। ਮਰਦਾਂ ਤੋਂ ਅੱਗੇ ਵਧ ਕੇ ਭੂਆ ਵਰਗੀਆਂ ਸਿਆਣੀਆਂ ਔਰਤਾਂ ਘਰ ਨੂੰ ਵਧੀਆ ਢੰਗ ਨਾਲ ਚਲਾ ਕੇ ਸਮਾਜ ਲਈ ਮਿਸਾਲ ਪੇਸ਼ ਕਰਦੀਆਂ ਹਨ। ਆਪਣੀ ਸਿਆਣਪ ਨਾਲ ਭੂਆ ਨੇ ਜਿੱਥੇ ਪਿਉ-ਪੁੱਤਰਾਂ ਨੂੰ ਸ਼ਰਾਬ ਦੇ ਨਸ਼ੇ ਵੱਲੋਂ ਮੋੜ ਕੇ ਉਨ੍ਹਾਂ ਨੂੰ ਅਸਲੀ ਰਾਹ ਦਿਖਾਇਆ, ਉੱਥੇ ਹੀ ਕਿਸਾਨ ਜਥੇਬੰਦੀ ਨਾਲ ਜੁੜ ਕੇ ਭੂਆ ਨੂੰ ਸਮਝ ਆਈ ਕਿ ਉਹ ਹੁਣ ਤਕ ਕਿਸ ਦੁਨੀਆ ਵਿਚ ਰਹਿ ਰਹੇ ਸਨ! ਇਹ ਮਿਡਲ ਰਾਹ ਦਸੇਰਾ ਹੈ।
ਜਗਤਾਰ ਸਮਾਲਸਰ, ਏਲਨਾਬਾਦ (ਸਿਰਸਾ, ਹਰਿਆਣਾ)
ਸਤਰੰਗ ਦੇ ਰੰਗ
ਸ਼ਨਿੱਚਰਵਾਰ ਵਾਲਾ ਸਤਰੰਗ ਮੈਗਜ਼ੀਨ ਜਿਹੜਾ ਪਹਿਲਾਂ ਚਾਰ ਸਫ਼ਿਆਂ ਦਾ ਛਪਦਾ ਸੀ, ਹੁਣ ਸਿਰਫ਼ ਦੋ ਸਫ਼ਿਆਂ ਦਾ ਰਹਿ ਗਿਆ ਹੈ। ਬਾਕੀ ਦੋ ਸਫ਼ੇ ਇੰਟਰਨੈੱਟ ’ਤੇ ਆ ਰਹੇ ਹਨ। ਸਤਰੰਗ ਮੈਗਜ਼ੀਨ ਮੁੜ ਪੂਰਾ ਛਪਣਾ ਚਾਹੀਦਾ ਹੈ। ਇਸੇ ਤਰ੍ਹਾਂ ਐਤਵਾਰ ਵਾਲੇ ਅੰਕ ਦਸਤਕ ਵੀ ਚਾਰ ਸਫ਼ਿਆਂ ਦਾ ਛਪਣਾ ਚਾਹੀਦਾ ਹੈ।
ਪਲਵਿੰਦਰ ਸਿੰਘ, ਈਮੇਲ
ਵੰਨ-ਸਵੰਨਤਾ
ਕੁਝ ਸਮੇਂ ਤੋਂ ਅਖ਼ਬਾਰ ਦੇ ਸਫ਼ੇ ਦਸ ਦੀ ਥਾਂ ਬਾਰਾਂ ਹੋ ਗਏ ਸਨ ਪਰ ਹੁਣ ਫਿਰ ਦਸ ਸਫ਼ੇ ਹੀ ਰਹਿ ਗਏ ਹਨ। ਇਸ ਨਾਲ ਅਖ਼ਬਾਰ ਦੀ ਵੰਨ-ਸਵੰਨਤਾ ’ਤੇ ਅਸਰ ਪੈਂਦਾ ਹੈ। ਪਹਿਲਾਂ ਪਾਠਕਾਂ ਦੀ ਰਾਏ ਚਿੱਠੀਆਂ ਰਾਹੀਂ ਰੋਜ਼ ਛਪਦੀ ਸੀ, ਉਹ ਵੀ ਹੁਣ ਲੰਙੇ ਡੰਗ ਹੋ ਗਈ ਹੈ। ਅਖ਼ਬਾਰ ਦੇ ਬਹੁਤ ਸਾਰੇ ਪਾਠਕ ਅਜਿਹੇ ਹਨ ਜੋ ਨੈੱਟ ਉੱਪਰ ਅਖ਼ਬਾਰ ਪੜ੍ਹ ਹੀ ਨਹੀਂ ਸਕਦੇ। ਬਤੌਰ ਲੇਖਕ ਮੈਂ ਆਪ ਵੀ ਦੇਖਿਆ ਹੈ ਕਿ ਇੰਟਰਨੈੱਟ ਵਾਲੀਆਂ ਰਚਨਾਵਾਂ ਨੂੰ ਪਾਠਕਾਂ ਦਾ ਉਹ ਹੁੰਗਾਰਾ ਨਹੀਂ ਮਿਲਦਾ।
ਸ਼ਿਵੰਦਰ ਕੌਰ, ਬਠਿੰਡਾ
ਆਪਸੀ ਮੇਲ-ਜੋਲ
22 ਫਰਵਰੀ ਦਾ ਸੰਪਾਦਕੀ ‘ਭਾਰਤ ਚੀਨ ਸਬੰਧ’ ਪੜ੍ਹਿਆ। 45 ਸਾਲ ਦੀ ਖਾਮੋਸ਼ੀ ਤੋਂ ਬਾਅਦ ਐੱਲਏਸੀ ’ਤੇ ਚੀਨ ਨੇ ਭਾਰੀ ਗਿਣਤੀ ਵਿਚ ਆਪਣੇ ਸੈਨਿਕ ਅਤੇ ਲੜਾਈ ਦਾ ਸਾਜ਼ੋ-ਸਾਮਾਨ ਇਕੱਠਾ ਕਰ ਕੇ ਭਾਰਤ ਨੂੰ ਡਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੁਨੀਆ ਵਿਚ ਭਾਵੇਂ ਕਈ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਪਰ ਅਫ਼ਗਾਨਿਸਤਾਨ ਅਤੇ ਇਰਾਕ ਵਿਚ ਅਮਰੀਕਾ ਦੀ ਦੁਰਗ਼ਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੜਾਈ ਨਾਲ ਕੁਝ ਹਾਸਿਲ ਨਹੀਂ ਹੋ ਸਕਦਾ। ਯੂਰੋਪ ਦੇ ਵੱਖ ਵੱਖ ਦੇਸ਼ ਆਪਸ ਵਿਚ ਲੜ ਕੇ ਯੂਰੋਪੀਅਨ ਯੂਨੀਅਨ ਵਿਚ ਇਕੱਠੇ ਹੋ ਗਏ ਹਨ। ਅਸੀਂ ਇਸ ਸੁਝਾਅ ਨਾਲ ਸਹਿਮਤ ਹਾਂ ਕਿ ਭਾਰਤ, ਪਾਕਿਸਤਾਨ, ਚੀਨ ਅਤੇ ਦੱਖਣੀ ਏਸ਼ੀਆ ਦੇ ਹੋਰ ਦੇਸ਼ ਆਪਸ ਵਿਚ ਮਤਭੇਦ ਸ਼ਾਂਤੀ ਦੇ ਤਰੀਕੇ ਨਾਲ ਨਬਿੇੜ ਕੇ ਯੂਰੋਪੀਅਨ ਯੂਨੀਅਨ ਤੋਂ ਕੁਝ ਸਿੱਖਣ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)