ਨਵੀਂ ਦਿੱਲੀ, 8 ਜੂਨ
ਦੇਸ਼ ’ਚ ਕਰੋਨਾ ਦੇ ਟੀਕਾਕਰਨ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਕੇਰਲਾ ਤੋਂ ਪੰਜਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਦੀ ਕਰੋਨਾ ਵੈਕਸੀਨ ਦੀ ਨੀਤੀ ’ਚ ਦਖਲ ਦੇਣ ਅਤੇ ਲੋਕਾਂ ਦੀ ਜਾਨ ਬਣਾਉਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ ਹੈ।
ਕੇਰਲਾ ਦੇ ਤ੍ਰਿਸੂਰ ਵਿਚਲੇ ਕੇਂਦਰੀ ਵਿਦਿਆਲੇ ’ਚ ਪੰਜਵੀਂ ਜਮਾਤ ’ਚ ਪੜ੍ਹਦੀ ਲਿਡਵਿਨਾ ਜੋਸਫ਼ ਨੇ ਚੀਫ ਜਸਟਿਸ ਐੱਨਵੀ ਰਾਮੰਨਾ ਨੂੰ ਪੱਤਰ ਲਿਖਿਆ ਹੈ। ਇਸ ਬੱਚੀ ਨੇ ਆਪਣੇ ਪੱਤਰ ਨਾਲ ਇੱਕ ਚਿੱਤਰ ਵੀ ਨੱਥੀ ਕੀਤਾ ਹੈ ਜਿਸ ’ਚ ਅਦਾਲਤ ਦਾ ਜੱਜ ਆਪਣੇ ਹਥੌੜੇ ਨਾਲ ਕਰੋਨਾ ਵਾਇਰਸ ਨੂੰ ਮਾਰਦਾ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਇਸ ’ਚ ਤਿਰੰਗੇ, ਅਸ਼ੋਕ ਸਤੰਭ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਵੀ ਬਣਾਈ ਗਈ ਹੈ। ਲੜਕੀ ਨੇ ਲਿਖਿਆ, ‘ਮੈਨੂੰ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਬਹੁਤ ਫਿਕਰ ਹੋ ਰਹੀ ਸੀ। ਅਖ਼ਬਾਰਾਂ ਰਾਹੀਂ ਮੈਨੂੰ ਪਤਾ ਲੱਗਾ ਕਿ ਮਾਨਯੋਗ ਅਦਾਲਤ ਨੇ ਕਰੋਨਾ ਕਾਰਨ ਹੋ ਰਹੀਆਂ ਆਮ ਲੋਕਾਂ ਦੀਆਂ ਮੌਤਾਂ ਦੇ ਮਾਮਲੇ ’ਚ ਦਖਲ ਦਿੱਤਾ ਹੈ।’ ਉਨ੍ਹਾਂ ਕਿਹਾ, ‘ਮੈਂ ਖੁਸ਼ ਹਾਂ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਦਾਲਤ ਨੇ ਆਕਸੀਜਨ ਸਪਲਾਈ ਸਬੰਧੀ ਹੁਕਮ ਦੇ ਕੇ ਕਈ ਲੋਕਾਂ ਦੀ ਜਾਨ ਬਚਾਈ। ਮੈਨੂੰ ਲਗਦਾ ਹੈ ਕਿ ਤੁਹਾਡੀ ਮਾਨਯੋਗ ਅਦਾਲਤ ਦੇ ਪ੍ਰਭਾਵਸ਼ਾਲੀ ਕਦਮਾਂ ਕਾਰਨ ਦੇਸ਼ ਭਰ ’ਚ ਅਤੇ ਖਾਸ ਤੌਰ ’ਤੇ ਦਿੱਲੀ ’ਚ ਕਰੋਨਾ ਦੇ ਕੇਸ ਘਟੇ ਹਨ। ਮੈਂ ਤੁਹਾਡਾ ਇਸ ਸਭ ਲਈ ਸ਼ੁਕਰੀਆ ਕਰਦੀ ਹਾਂ। ਹੁਣ ਮੈਂ ਖੁਸ਼ ਤੇ ਮਾਣ ਭਰਿਆ ਮਹਿਸੂਸ ਕਰ ਰਹੀ ਹਾਂ।’ -ਪੀਟੀਆਈ
ਚੀਫ ਜਸਟਿਸ ਵੱਲੋਂ ਬੱਚੀ ਦੇ ਪੱਤਰ ਨੂੰ ਭਰਵਾਂ ਹੁੰਗਾਰਾ
ਚੀਫ ਜਸਟਿਸ ਰਾਮੰਨਾ ਨੇ ਲਿਡਵਿਨਾ ਜੌਸਫ ਦੇ ਪੱਤਰ ਦਾ ਜਵਾਬ ਦਿੱਤਾ ਅਤੇ ਉਸ ਨੂੰ ਖੂਬਸੂਰਤ ਪੱਤਰ ਤੇ ਜੱਜਾਂ ਦੇ ਕੰਮਾਂ ਦੀ ਪ੍ਰਸ਼ੰਸਾ ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਉਨ੍ਹਾਂ ਕਿਹਾ, ‘ਮੈਨੂੰ ਤੁਹਾਡਾ ਖੂਬਸੂਰਤ ਪੱਤਰ ਮਿਲਿਆ ਹੈ ਜਿਸ ’ਚ ਤੁਸੀਂ ਜੱਜ ਦੇ ਕੰਮ ਦਾ ਗਰਮਜੋਸ਼ੀ ਨਾਲ ਜ਼ਿਕਰ ਕੀਤਾ ਹੈ। ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਤੁਸੀਂ ਦੇਸ਼ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਨਜ਼ਰ ਰੱਖੀ ਹੈ ਤੇ ਕਰੋਨਾ ਮਹਾਮਾਰੀ ਦੇ ਲੋਕਾਂ ’ਤੇ ਪੈ ਰਹੇ ਪ੍ਰਭਾਵ ਦੀ ਤੁਹਾਨੂੰ ਫਿਕਰ ਹੈ।’ ਉਨ੍ਹਾਂ ਕਿਹਾ, ‘ਮੈਨੂੰ ਯਕੀਨ ਹੈ ਕਿ ਤੁਸੀਂ ਵੱਡੇ ਹੋ ਕੇ ਇੱਕ ਚੌਕਸ, ਜਾਣਕਾਰ ਤੇ ਜ਼ਿੰਮੇਵਾਰ ਨਾਗਰਿਕ ਬਣੋਗੇ ਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਓਗੇ।’