ਮੁੰਬਈ, 13 ਜੂਨ
ਸ਼ਿਵ ਸੈਨਾ ਨੇ ਰਾਜ ਸਭਾ ਚੋਣਾਂ ਵਿਚ ਭਾਜਪਾ ਹੱਥੋਂ ਆਪਣੇ ਪਾਰਟੀ ਉਮੀਦਵਾਰ ਨੂੰ ਮਿਲੀ ਹਾਰ ਮਗਰੋਂ ਅੱਜ ਕਿਹਾ ਕਿ ਜਿਹੜੇ ਲੋਕ ਇਹ ਸੋਚਦੇ ਹਨ ਕਿ ਚੋਣ ਨਤੀਜਿਆਂ ਨੇ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ਨੂੰ ਅਸਥਿਰ ਕਰ ਦਿੱਤਾ ਹੈ, ਉਹ ਖ਼ੁਦ ਨੂੰ ਮੂਰਖ ਬਣਾ ਰਹੇ ਹਨ। ਸੈਨਾ ਦੇ ਪਰਚੇ ‘ਸਾਮਨਾ’ ਦੀ ਸੰਪਾਦਕੀ ’ਚ ਪਾਰਟੀ ਨੇ ਨਿਵੇਕਲੀ ਪੇਸ਼ਕਦਮੀ ਤਹਿਤ ਭਾਜਪਾ ਆਗੂ ਦੇਵੇਂਦਰ ਫੜਨਵੀਸ ਵੱਲੋਂ ‘ਚੋਣ ਪ੍ਰਬੰਧਨ ਲਈ ਵਰਤੀ ਸਿਆਣਪ ਤੇ ਚਤੁਰਾਈ’ ਦੀ ਤਾਰੀਫ਼ ਕੀਤੀ ਹੈ। ਸੈਨਾ ਨੇ ਕਿਹਾ ਕਿ ਇਸ ’ਚ ਕਿਸਮਤ ਦੀ ਵੀ ਕਿਤੇ ਨਾ ਕਿਤੇ ਅਹਿਮ ਭੂਮਿਕਾ ਸੀ ਕਿਉਂਕਿ ਚੋਣ ਦੂਜੇ ਗੇੜ ਲਈ ਖਿੱਚੀ ਗਈ ਜਿਸ ’ਚ ਭਾਜਪਾ ਦੇ ਧਨੰਜੈ ਮਹਾਦਿਕ ਸੈਨਾ ਦੇ ਉਮੀਦਵਾਰ ਸੰਜੈ ਪਵਾਰ ਨੂੰ 6ਵੀਂ ਸੀਟ ਲਈ ਪਿੱਛੇ ਧੱਕ ਗਏ। ਪਹਿਲੇ ਗੇੜ ’ਚ ਸੈਨਾ ਉਮੀਦਵਾਰ ਪਵਾਰ ਨੂੰ ਤਰਜੀਹੀ ਵੋਟਾਂ ਵਜੋਂ 33 ਵੋਟ ਮਿਲੇ ਜਦੋਂਕਿ ਮਹਾਦਿਕ ਨੂੰ ਸਿਰਫ਼ 27 ਵੋਟ ਮਿਲੇ ਸਨ। -ਪੀਟੀਆਈ