ਗੁਰਿੰਦਰ ਸਿੰਘ
ਲੁਧਿਆਣਾ, 3 ਦਸੰਬਰ
ਵੱਖ-ਵੱਖ ਇਲਾਕਿਆਂ ਵਿੱਚ ਹੋਏ ਸੜਕ ਹਾਦਸਿਆਂ ਦੌਰਾਨ ਇਕ ਬਜ਼ੁਰਗ ਸਾਈਕਲ ਸਵਾਰ ਅਤੇ ਐਕਟਿਵਾ ਸਕੂਟਰ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੂੰ ਢਿੱਲੋਂ ਨਗਰ ਡਾਬਾ ਵਾਸੀ ਗੁਰਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਭਗਵੰਤ ਸਿੰਘ (64) ਆਪਣੇ ਦੋਸਤ ਨਾਲ ਕੁਆਲਿਟੀ ਚੌਕ ਤੋਂ ਪਿੰਡ ਸੰਗੋਵਾਲ ਜਾ ਰਹੇ ਸਨ, ਜਦੋਂ ਉਹ ਕੈਨਾਲਵਿਊ ਇਨਕਲੇਵ ਸੰਗੋਵਾਲ ਨੇੜੇ ਪੁੱਜੇ ਤਾਂ ਇੱਕ ਗੱਡੀ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਦੋਹਾਂ ਦੇ ਸਾਈਕਲਾਂ ’ਚ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਭਗਵੰਤ ਸਿੰਘ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਸਤਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਡਸਟਰ ਗੱਡੀ ਨੰਬਰ ਪੀਬੀ10ਐੱਫਡੀ 1500 ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਨੂੰ ਵਿਨੋਦ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਪੂਜਾ ਵਰਮਾ (33) ਨਾਲ ਐਕਟਿਵਾ ਸਕੂਟਰ ’ਤੇ ਪੁਲੀਸ ਕਲੋਨੀ ਵੱਲ ਰੌਂਗ ਸਾਈਡ ਜਾ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਇਕ ਕਾਰ ਸ਼ੈਵਰਲੈਟ ਜਾ ਰਹੀ ਸੀ, ਜਿਸ ਦੇ ਚਾਲਕ ਨੇ ਇਕਦਮ ਬਰੇਕ ਲਗਾ ਦਿੱਤੀ ਤੇ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਉਸਦੀ ਪਤਨੀ ਦੀ ਮੌਤ ਹੋ ਗਈ। ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕਾਰ ਨੰਬਰ ਪੀਬੀ 10 ਸੀਯੂ 5556 ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।